Monday, July 6, 2009

"ਬੋਲ ਛਿੱਤਰ ਭਲਵਾਨ ਕੀ...!" - ਵਿਅੰਗ

"ਬੋਲ ਛਿੱਤਰ ਭਲਵਾਨ ਕੀ...!"

ਲਓ ਜੀ, ਛਿੱਤਰ ਭਲਵਾਨ 'ਤੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਲਿਖਿਆ ਗਿਆਮੈਂ ਚੁੱਪ ਜਿਹਾ ਬੈਠਾ ਰਿਹਾ! ਇਕ ਕਠੋਰ ਚੁੱਪ ਵੱਟੀ ਰੱਖੀ! ਸੋਚਿਆ ਕਿ ਛਿੱਤਰ ਭਲਵਾਨ ਦੀ ਪ੍ਰੀਭਾਸ਼ਾ ਮੇਰੇ ਕੋਲੋਂ ਲਿਖੀ ਨਹੀਂ ਜਾਣੀ..! ਸਿਆਣੇ ਆਖਦੇ ਹਨ ਕਿ ਜਿਸ ਦਾ ਖਾਈਏ, ਉਸ ਦੇ ਗੁਣ ਗਾਈਏ..! ਇਸ ਛਿੱਤਰ ਭਲਵਾਨ ਜੀ ਦੀ ਮੇਰੇ 'ਤੇ ਐਨੀ ਕਿਰਪਾ ਰਹੀ ਹੈ ਕਿ ਸਕੂਲ ਦੇ ਮਾਸਟਰਾਂ ਤੋਂ ਲੈ ਕੇ ਮੇਰੇ ਘਰਵਾਲ਼ੀ ਤੱਕ, ਛਿੱਤਰ ਭਲਵਾਨ ਜੀ ਮੇਰੇ 'ਤੇ ਮਿਹਰਬਾਨ ਹੀ ਰਹੇ ਹਨ! ਮੈਂ ਛਿੱਤਰ ਭਲਵਾਨ ਜੀ ਦੀ ਬਦਖ਼ੋਹੀ ਕਿਉਂ ਕਰਾਂ..? ਬਦਖੋਹੀ ਬੰਦਾ ਉਸ ਦੀ ਕਰਦਾ ਹੈ, ਜੋ ਆਪ ਦੀ ਸਿਹਤ ਅਤੇ ਮੱਤ ਵਾਸਤੇ ਹਾਨੀਕਾਰਕ ਹੋਵੇ! ਪਰ ਜੋ ਚੀਜ਼ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੁੰਦੀ ਹੈ, ਬੰਦਾ ਉਸ ਨਾਲ਼ ਛਿੱਤਰੋ-ਛਿੱਤਰੀ ਕਿਉਂ ਹੋਵੇ..? ਮੈਨੂੰ ਛਿੱਤਰ ਦੀ ਯਾਦ ਕਿੱਥੋਂ ਆਈ..? ਮੈਂ ਮਹੀਨਾ ਭਰ ਆਪਦੇ ਘਰ ਦੇ ਅੰਦਰਲੇ ਅਤੇ ਬਾਹਰਲੇ ਗਾਰਡਨ ਵਿਚ ਮੱਥਾ ਮਾਰਦਾ ਰਿਹਾਹਰ ਵੀਕ-ਐਂਡ ਵੀ ਦੋਨੋਂ ਗਾਰਡਨਾਂ ਦੀ ਭੇਂਟ ਚੜ੍ਹ ਜਾਂਦਾ! 14 ਤਰ੍ਹਾਂ ਦੇ ਵੱਖੋ ਵੱਖਰੇ ਗੁਲਾਬ ਲਾਏਜਦ ਗੁਲਾਬ ਖਿੜ ਗਏ ਅਤੇ ਗਾਰਡਨ ਮਹਿਕਣ ਲੱਗਣ ਲੱਗ ਪਿਆ ਤਾਂ ਮੇਰੀ ਬੱਤੀ ਸੁਲੱਖਣੀਂ ਘਰਵਾਲ਼ੀ ਨੇ ਅੰਦਰਲੇ ਗਾਰਡਨ ਵਿਚ ਡੰਡੇ ਦੇ ਸਿਰ 'ਤੇ ਛਿੱਤਰ ਟੰਗ ਦਿੱਤਾ! ਅਖੇ ਕਿਸੇ ਚੰਦਰੇ ਦੀ ਨਜ਼ਰ ਨਾ ਲੱਗ ਜਾਵੇ..! ਮੈਂ ਕਿਹਾ ਆਪਣੇ ਘਰ ਵਿਚ ਜਾਂ ਤਾਂ ਆਪਣੇ ਬੱਚੇ ਹਨ ਅਤੇ ਜਾਂ ਮੈਂ ਅਤੇ ਤੂੰ..! ਨਜ਼ਰ ਕੀਹਦੀ ਲੱਗਣੀ ਐਂ..? ਮੈਂ ਛਿੱਤਰ ਪੱਟ ਕੇ ਪਰਾਂਹ ਮਾਰਿਆ ਅਤੇ ਮੈਨੂੰ 'ਛਿੱਤਰ' 'ਤੇ ਲਿਖਣ ਦਾ ਹਲ਼ਕ ਜਿਹਾ ਉਠ ਖੜ੍ਹਿਆ!


----


ਮੈਂ ਕਿਸੇ ਏਅਰਪੋਰਟ 'ਤੇ ਜਾਂ ਕਿਸੇ ਗੁਰੂ ਘਰ ਜਾਵਾਂ, ਜਾਂ ਕਿਤੇ ਸੜਕ 'ਤੇ ਹੀ ਤੁਰਿਆ ਜਾਂਦਾ ਹੋਵਾਂ, ਤਾਂ ਮੈਨੂੰ ਦੋ ਚਾਰ ਬੀਬੀਆਂ ਜਾਂ ਬੰਦੇ ਐਹੋ ਜਿਹੇ ਜ਼ਰੂਰ ਮਿਲ ਜਾਂਦੇ ਹਨ, ਜੋ ਪੁੱਛਦੇ ਹਨ, "ਬਾਈ ਤੂੰ 'ਓਹੀ' ਐਂ..?" ਉਹਨਾਂ ਦਾ ਇਸ਼ਾਰਾ ਮੇਰੇ ਲੇਖਕ ਹੋਣ ਵੱਲ ਹੁੰਦਾ ਹੈ! ਬਹੁਤਾ ਰੌਲ਼ਾ ਜਿਹਾ ਪਾਉਣ ਦਾ ਆਦੀ ਮੈਂ ਵੀ ਨਹੀਂ! ਮੈਂ ਵੀ ਹੱਸ ਕੇ ਬੜਾ ਸੰਖੇਪ ਆਖਦਾ ਹੁੰਦਾ ਹਾਂ, "ਬਿਲਕੁਲ ਈ 'ਓਹੀ' ਐਂ ਬਾਈ ਜੀ..!" ਸਾਨੂੰ ਦੇਖਣ ਵਾਲ਼ੇ ਜਾਂ ਮੈਨੂੰ ਨਾ ਜਾਨਣ ਵਾਲ਼ੇ ਲੋਕ ਆਚੰਭੇ ਜਿਹੇ ਵਿਚ ਪੈ ਜਾਂਦੇ ਹਨ ਕਿ ਇਹ 'ਓਹੀ' ਕੀ 'ਬਲਾਅ' ਹੋਈ..? ਹਾਲਾਂ ਕਿ ਜੇ ਤੁਸੀਂ ਮਾਲਵੇ ਵਿਚ ਕਿਸੇ ਨੂੰ ਆਖ ਦੇਵੋਂ, "ਜਾਹ ਯਾਰ..! ਤੂੰ ਓਹੀ ਦਾ ਓਹੀ ਰਿਹਾ ਨ੍ਹਾਂ...!" ਇਕ ਤਰ੍ਹਾਂ ਦੀ 'ਗਾਲ਼' ਮੰਨੀ ਜਾਂਦੀ ਐ! ਤੇ ਹੁਣ ਜੇ ਕਿਸੇ ਸਮਾਗਮ 'ਤੇ ਜਾਈਏ ਤਾਂ ਲੋਕ ਆਪਸ ਵਿਚ 'ਘੁਸਰ-ਮੁਸਰ' ਕਰਨ ਲੱਗ ਪੈਂਦੇ ਹਨ, "ਇਹ ਤਾਂ 'ਓਹੀ' ਐ ਯਾਰ..! ਇਹਦੀ ਜੁੱਤੀ ਬਾਹਰ ਈ ਲੁਹਾ ਲਓ, ਹੋਰ ਨਾ ਕਿਸੇ ਦੀ ਪੁੜਪੜੀ ''ਚਿੱਬ' ਪਾ ਦੇਵੇ..!" ਹੁਣ 'ਜ਼ਿੰਮੇਵਾਰ' ਲੋਕ ਕਲਮਾਂ ਵਾਲਿ਼ਆਂ ਨੂੰ ਵੀ 'ਓਹੀ' ਦੱਸਣ ਲੱਗ ਪਏ ਹਨ ਕਿਉਂਕਿ ਇਰਾਕ ਦੇ ਪੱਤਰਕਾਰ ਮੁਨਤਾਦਹਾਰ ਅਲ-ਜਾਇਦੀ ਤੋਂ ਲੈ ਕੇ ਪੱਤਰਕਾਰ ਜਰਨੈਲ ਸਿੰਘ ਤੱਕ ਵੱਲੋਂ ਮੰਤਰੀਆਂ 'ਤੇ ਤਕਰੀਬਨ ਇੱਕੋ ਤਰ੍ਹਾਂ ਦਾ 'ਹਥਿਆਰ' ਵਰਤਿਆ ਗਿਆ! ਅਜੇ ਤਾਂ ਮੈਂ ਸ਼ੁਕਰ ਕਰਦਾ ਹਾਂ ਕਿ ਜ਼ਮਾਨਾ ਬਦਲ ਗਿਆ ਹੈ ਅਤੇ ਲੋਕ ਮੁਲਾਇਮ ਬੂਟ ਪਹਿਨਣ ਲੱਗ ਪਏ ਹਨਜੇ ਕਿਤੇ ਜ਼ਮਾਨਾ ਪੁਰਾਣਾ ਹੁੰਦਾ ਅਤੇ ਲੋਕ 'ਖੜਾਵਾਂ' ਪਾਉਂਦੇ ਹੁੰਦੇਮੰਤਰੀਆਂ ਦਾ ਤਾਂ ਫ਼ੇਰ ਰੱਬ ਹੀ ਰਾਖਾ ਸੀ! ਅੱਗੇ ਜੁੱਤੀ 'ਕਸੂਰ' ਦੀ ਮਸ਼ਹੂਰ ਮੰਨੀ ਜਾਂਦੀ ਸੀ ਅਤੇ ਹੁਣ ਕਿਸੇ ਨਾ ਕਿਸੇ ਦੇਸ਼ ਦੀ ਜੁੱਤੀ ਆਏ ਦਿਨ ਮਸ਼ਹੂਰੀ ਪ੍ਰਾਪਤ ਕਰਦੀ ਹੀ ਰਹਿੰਦੀ ਐ..! ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਲ-ਜਾਇਦੀ ਦੀ 'ਕਿਰਪਾ' ਨਾਲ਼ ਸਭ ਤੋਂ ਪਹਿਲਾਂ ਜੁੱਤੀ ਇਰਾਕ ਦੀ ਮਸ਼ਹੂਰ ਹੋਈ! ਲੋਕਾਂ ਨੇ ਉਸ ਨੂੰ ਖਰੀਦਣ ਲਈ ਆਪਣੀ 'ਬੋਲੀ' ਲਾ ਦਿੱਤੀਪਰ ਬੁਸ਼ ਬਾਬਾ ਜੀ ਦੀ ਇੱਜ਼ਤ-ਆਬਰੂ ਨੂੰ ਮੁੱਖ ਰੱਖ ਕੇ ਉਹ ਜੁੱਤੀ ਹੀ 'ਨਸ਼ਟ' ਕਰ ਦਿੱਤੀ ਗਈਨਾ ਚੋਰ ਲੱਗੇ ਤੇ ਨਾ ਕੁੱਤੀ ਭੌਂਕੇ!


----


ਜੁੱਤੀਆਂ ਚੱਲਣ ਦੇ ਕਈ ਅੰਦਾਜ਼ ਰਹੇ ਹਨਹਰ ਚੀਜ਼ ਨੂੰ ਚਲਾਉਣ ਦਾ ਢੰਗ ਹੁੰਦਾ ਹੈ! ਇਕ ਵਾਰ ਸਾਡੇ ਪਿੰਡ ਵਿਚ ਕਾਮਰੇਡਾਂ ਵੱਲੋਂ ਕੋਈ ਡਰਾਮਾ ਖੇਡਿਆ ਜਾ ਰਿਹਾ ਸੀਪਿੰਡ ਦੇ ਕੁਝ ਲੋਕਾਂ ਦੀ ਦਾਰੂ ਪੀਤੀ ਹੋਈ ਸੀਮੈਨੂੰ ਉਮੀਦ ਹੈ ਕਿ ਮੇਰੇ ਮਾਲਵੇ ਦੇ ਲੋਕ ਸਿਰਫ਼ ਮਕਾਣ ਹੀ 'ਸੋਫ਼ੀ' ਜਾਂਦੇ ਹਨਨਹੀਂ ਕੋਈ ਕਿੱਤਾ ਐਹੋ ਜਿਹਾ ਨਹੀਂ ਹੋਵੇਗਾ, ਜਿੱਥੇ ਮਲਵਈ ਦਾਰੂ ਨਹੀਂ ਪੀਂਦੇ! ਕਿਸੇ ਗੱਲ ਤੋਂ ਸ਼ਰਾਬੀ ਬੰਦੇ ਡਰਾਮਾ ਦੇਖਦੇ ਦੇਖਦੇ ਆਪਸ ਵਿਚ ਲੜ ਪਏਦੁਨੀਆਂ ਖਿੰਡ ਗਈਧੂਤਕੜਾ ਪੈਣ ਸਾਰ ਡਰਾਮਾਕਾਰੀ ਵੀ ਸਟੇਜਜ ਵਿਹਲੀ ਕਰ ਗਏਸਟੇਜ 'ਤੇ ਇਕ ਗੈਸ ਜਗੀ ਜਾ ਰਿਹਾ ਸੀਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਆਈ ਸੀਸਟੇਜਾਂ 'ਤੇ ਚਾਨਣ ਕਰਨ ਲਈ ਗੈਸ ਨਾਲ਼ ਹੀ ਕੰਮ ਚਲਾਇਆ ਜਾਂਦਾ ਸੀਇਕ ਅਮਲੀ ਨੇ ਆਪਣੀ ਜੁੱਤੀ 'ਚ ਰੋੜਾ ਪਾ ਕੇ ਗੈਸ ਵੱਲ ਨੂੰ ਚਲਾਇਆ ਤੇ ਬਣਾ ਸੁਆਰ ਕੇ ਕਹਿੰਦਾ, "ਜਲਸੇ ਆਲ਼ੇ ਤਾਂ ਤਿੱਤਰ ਹੋਗੇ ਤੇ ਆਹ ਭੈਣ ਦੇਣੇ ਦਾ 'ਕੱਲਾ ਈ ਜਗੀ ਜਾਂਦੈ..?" ਜੁੱਤੀ 'ਚ ਪਾਏ ਰੋੜੇ ਨਾਲ਼ ਗੈਸ ਖੱਖੜੀਆਂ ਹੋ ਗਿਆ ਸੀ


----


ਇਸੇ ਤਰ੍ਹਾਂ ਹੀ ਮੈਂ ਬੱਸ ਵਿਚ ਛਿੱਤਰ-ਪਰੇਡ ਹੁੰਦੀ ਦੇਖੀਉਦੋਂ ਮੈਂ ਡੀ.ਐੱਮ. ਕਾਲਜ ਮੋਗੇ ਪੜ੍ਹਦਾ ਸੀਅਸੀਂ ਬੌਡਿਆਂ ਤੋਂ ਬੱਸ ਫੜਕੇ ਮੋਗੇ ਆਉਂਦੇ ਹੁੰਦੇ ਸਾਂਸਾਡੇ ਪਿੰਡ ਅਜੇ ਬੱਸ ਨਹੀਂ ਆਉਣ ਲੱਗੀ ਸੀਜੇ ਕਦੇ ਕਦਾਈਂ ਕੋਈ ਆਉਂਦੀ ਵੀ ਸੀ ਤਾਂ ਲੋਕ ਉਸ ਦੀ ਇਉਂ ਉਡੀਕ ਕਰਦੇ ਜਿਵੇਂ ਕਰਵਾ ਚੌਥ ਦਾ ਵਰਤ ਰੱਖੀ ਬੀਬੀਆਂ ਰਾਤ ਨੂੰ 'ਅਰਘ' ਦੇਣ ਲਈ ਚੰਦਰਮਾਂ ਦੀ ਉਡੀਕ ਕਰਦੀਆਂ ਹਨ! ਮੋਗੇ ਦੇ ਬੱਸ ਸਟੈਂਡ 'ਤੇ ਖੜ੍ਹੀਆਂ ਬੱਸਾਂ ਵਿਚ ਇਕ ਬੰਦਾ ਇਕ-ਇਕ ਰੁਪਈਏ ਦੀ ਜਲਧਾਰੇ ਦੀ ਸ਼ੀਸ਼ੀ ਵੇਚਦਾ ਹੁੰਦਾ ਸੀਇਕ ਰੁਪਏ ਦੀ ਇਸ ਸ਼ੀਸ਼ੀ ਦੇ ਗੁਣ ਜਦ ਉਹ ਦੱਸਣ ਲੱਗਦਾ ਤਾਂ ਲੋਕ ਉਸ ਦੇ ਇੰਜ ਕਾਇਲ ਹੋ ਜਾਂਦੇ ਜਿਵੇਂ ਉਹ ਲੰਡਨ ਦਾ ਕਿੰਗ ਜੌਰਜ ਹਸਪਤਾਲ਼ ਨਾਲ਼ ਹੀ ਚੁੱਕੀ ਫਿ਼ਰਦਾ ਹੋਵੇਸ਼ੀਸ਼ੀ ਦੇ ਗੁਣਾਂ ਵਿਚ ਇਹ ਵੀ ਸ਼ਾਮਲ ਸੀ ਕਿ ਜੇ ਕਿਤੇ ਰਾਤ ਬਰਾਤੇ ਕਿਸੇ ਦੇ ਕੱਟਰੂ-ਵੱਛਰੂ ਨੂੰ ਅਫ਼ਰੇਵਾਂ ਹੋ ਜਾਵੇ ਤਾਂ ਪਸ਼ੂ ਦੀ ਅੱਖ ਵਿਚ ਇਕ ਤੁਪਕਾ 'ਜਲਧਾਰੇ' ਦਾ ਪਾਓ! ਅਫ਼ਰੇਵਾਂ ਖ਼ਤਮ ਹੋ ਜਾਵੇਗਾਖ਼ੈਰ, ਸਾਡੇ ਪਿੰਡ ਦੇ ਧਿਆਨੇ ਨੇ ਉਸ ਸ਼ੀਸ਼ੀ ਦੇ ਵੀਹ-ਪੱਚੀ ਗੁਣ ਸੁਣ ਕੇ ਇਕ ਰੁਪਈਆ ਖ਼ਰਚ ਦਿੱਤਾ ਅਤੇ ਜਲਧਾਰੇ ਦੀ ਸ਼ੀਸ਼ੀ ਖ਼ਰੀਦ ਲਈਕੁਦਰਤ ਰੱਬ ਦੀ ਇਕ ਦਿਨ ਗੁਆਂਢੀਆਂ ਦੀ ਮੱਝ ਨੂੰ ਸਪਰੇਅ ਵਾਲ਼ਾ ਗੁਆਰਾ ਖਾ ਕੇ ਅਫ਼ਰੇਵਾਂ ਹੋ ਗਿਆਧਿਆਨ ਸਿੰਘ ਨੇ ਜਦ ਰੌਲ਼ਾ ਜਿਹਾ ਸੁਣਿਆ ਤਾਂ ਉਹ ਆਪਣੀ ਸ਼ੀਸ਼ੀ ਗੀਝੇ ਵਿਚ ਪਾ ਕੇ ਗੁਆਂਢੀਆਂ ਦੇ ਘਰੇ ਚਲਾ ਗਿਆ


----


-"ਕੀ ਗੱਲ ਐ ਭਤੀਜ...?"



-"ਕਾਹਦੀ ਗੱਲ ਐ ਤਾਇਆ..! ਮੱਝ ਨੂੰ 'ਫ਼ਰੇਮਾਂ ਹੋ ਗਿਆ..!" ਗੁਆਂਢੀ ਮੁੰਡੇ ਨੇ ਦੁਖੀ ਜਿਹੇ ਮਨ ਨਾਲ਼ ਦੱਸਿਆ



-"ਦੁਆਈ ਮੇਰੇ ਕੋਲ਼ੇ ਐ - ਤੁਸੀਂ ਇਹਨੂੰ ਕੇਰਾਂ ਮੂਧੀ ਪਾਓ!" ਉਸ ਨੇ ਹਕੀਮ ਵਾਂਗ ਕਿਹਾ



-"ਮੂਧੀ ਪਾਉਣ ਨੂੰ ਕੋਈ ਟੀਕਾ ਟੂਕਾ ਲਾਉਣੈਂ ਭਾਈ ਜੀ..?" ਮੁੰਡੇ ਦੀ ਮਾਂ ਨੇ ਪੁੱਛਿਆ



-"ਕਾਹਨੂੰ ਲਾਣੇਦਾਰਨੀਏਂ..! ਤੂੰ ਆਬਦੀਆਂ ਦੁੱਧ ਰਿੜਕਣ ਆਲ਼ੀਆਂ ਗੱਲਾਂ ਨਾ ਕਰ..! ਦੁਆਈ ਇਹਦੀ ਅੱਖ 'ਚ ਪਾਉਣੀਂ ਐਂ..! ਦੇਖੀ ਜਾਈਂ..! ਚੱਕਦੂ ਅੱਖਾਂ ਦੀ ਲਾਲੀ..!"



-"ਫ਼ੇਰ ਮੂਧੀ ਪਾਉਣ ਦੀ ਕੀ ਲੋੜ ਐ ਤਾਇਆ..? ਮੂਧਾ ਤਾਂ ਪਸ਼ੂ ਪਹਿਲਾਂ ਈ ਹੁੰਦੈ..!"



-"ਹਾਂ..! ਇਹ ਗੱਲ ਵੀ ਸਹੀ ਐ..! ਚਲੋ ਫ਼ੇਰ ਇਹਨੂੰ ਟੇਢੀ ਪਾਓ..!"



ਮੁੰਡਿਆਂ ਨੇ ਬਿਮਾਰ ਮੱਝ ਔਖੇ ਸੌਖੇ ਹੋ ਕੇ ਟੇਢੀ ਕਰ ਲਈ



ਮੱਝ ਦੀ ਅੱਖ ਵਿਚ ਜਲਧਾਰਾ ਪਾ ਦਿੱਤਾ ਗਿਆਪਰ ਕੋਈ ਫ਼ਰਕ ਨਾ ਪਿਆਮੱਝ ਹੋਰ ਵੀ ਔਖੇ ਔਖੇ ਸਾਹ ਲੈਣ ਲੱਗ ਪਈ



-"ਦੇਬੂ..! ਮੱਝ ਤੰਗ ਐ ਭਾਈ..! ਕਿਸੇ ਸਲੋਤਰੀ ਨੂੰ ਬੁਲਾਓ..!" ਦੇਬੂ ਦੀ ਮਾਂ ਚਿੰਤਾ ਵਿਚ ਬੋਲੀ



-"ਲਾਣੇਦਾਰਨੀਏਂ ਤੂੰ ਫਿ਼ਕਰ ਕਿਉਂ ਕਰਦੀ ਐਂ..? ਸਲੋਤਰੀ ਨੇ ਆ ਕੇ ਕਿਹੜਾ ਟੂਣਾਂ ਕਰ ਜਾਣੈਂ..? ਦੁਆਈ ਆਪਣੇ ਕੋਲ਼ੇ ਐ..! ਇਕ ਵਾਰੀ ਹੋਰ ਚਾੜ੍ਹ ਦਿਆਂਗੇ..!"



-"ਵੇ ਭਾਈ ਉਹਨਾਂ ਦੀਆਂ ਪੜ੍ਹਾਈਆਂ ਕੀਤੀਆਂ ਹੁੰਦੀਐਂ, ਅਗਲੇ ਮਿੰਟ 'ਚ ਰੋਗ ਬੁੱਝ ਲੈਂਦੇ ਐ..!"



-"ਲੈ ਭੜ੍ਹਾਈਆਂ ਕਰਕੇ ਉਹਨਾਂ ਕੋਲ਼ੇ ਕਿਹੜਾ ਗਿੱਦੜਸਿੰਗੀ ਆ ਜਾਂਦੀ ਐ..? ਆਹ ਬਰਾੜਾਂ ਦਾ ਬੱਲੀ ਸਾਰੇ ਪਿੰਡ ਜਿੰਨਾਂ 'ਕੱਲਾ ਈ ਪੜ੍ਹ ਗਿਆ..! ਉਹਦਾ ਡਮਾਕ ਹਿੱਲ ਗਿਆ..! ਆਬਦੇ ਬਾਪੂ ਨੂੰ 'ਭਾਅਪਾ' ਈ ਦੱਸਦੈ..! ਉਏ ਮੁੰਡਿਓ..! ਹੁਣ ਮੈਨੂੰ ਇਹਦੀ ਦੂਜੀ ਅੱਖ 'ਚ ਪਾਉਣ ਦਿਓ ਇਕ ਤੁਪਕੀ..! ਦੇਖਿਓ ਕਿਮੇ ਫ਼ੁੱਲ ਮਾਂਗੂੰ ਹੌਲ਼ੀ ਹੁੰਦੀ ਐ..! ਇਹ ਤਾਂ ਦਸਾਂ ਮਿੰਟਾਂ 'ਚ ਸੀਟੀਆਂ ਮਾਰੂ, ਸੀਟੀਆਂ..! ਸੀਸੀ 'ਤੇ ਮੇਰਾ ਪੂਰਾ ਰੁਪਈਆ ਲਾਇਆ ਵਿਐ..! ਜਿਹੜੇ ਬੱਸਾਂ ''ਪਰਾਟੀਸ' ਕਰਦੇ ਫਿਰਦੇ ਐ, ਕਿਤੇ ਝੂਠ ਤੁਫ਼ਾਨ ਤਾਂ ਨ੍ਹੀ ਤੋਲਦੇ..! ਕਰੋ ਇਹਨੂੰ ਮਾੜਾ ਜਿਆ ਬੱਤ ਕੇਰਾਂ..! ਫੜ ਬਈ ਇਹਦਾ ਕੰਨ..! ਡਰਦਾ ਕਾਹਤੋਂ ਐਂ..? ਇਹ ਸ਼ਾਟ ਤਾਂ ਨ੍ਹੀ ਮਾਰਦੀ..!" ਮੁੰਡਿਆਂ ਨੇ ਉਸ ਦੇ ਆਖੇ ਲੱਗ ਕੇ ਦੁਆਈ ਮੱਝ ਦੀ ਦੂਜੀ ਅੱਖ ਵਿਚ ਵੀ ਪੁਆ ਦਿੱਤੀਪਰ ਰਾਜ਼ੀ ਹੋਣ ਦੀ ਜਗਾਹ ਮੱਝ ਅੱਧੇ ਕੁ ਘੰਟੇ ਬਾਅਦ ਇਸ 'ਫ਼ਾਨੀ ਸੰਸਾਰ' ਨੂੰ 'ਫ਼ਤਹਿ' ਬੁਲਾ ਗਈਦਸ ਕਿਲੋ ਦੁੱਧ ਦੇਣ ਵਾਲ਼ੀ ਮੱਝ ਦੇ ਵਿਯੋਗ ਵਿਚ ਬੁੜ੍ਹੀ ਦੇ ਪਿੱਟ-ਸਿਆਪਾ ਜਿਹਾ ਕਰਨ 'ਤੇ ਮੁੰਡਿਆਂ ਨੇ ਧਿਆਨਾ ਮੱਝ ਵਾਂਗ ਹੀ ਮੂਧਾ ਪਾ ਲਿਆ ਅਤੇ ਤਕੜੀ ਦੁਰਬੜੀ ਲਾ ਦਿੱਤੀਕੁੱਟ ਖਾ ਕੇ ਸਤਿਆ ਧਿਆਨਾਂ ਅਗਲੇ ਦਿਨ ਮੋਗੇ ਨੂੰ ਬੱਸ ਚੜ੍ਹ ਗਿਆਜਾਣ ਸਾਰ ਉਸ ਨੇ ਉਹ ਸ਼ੀਸ਼ੀਆਂ ਵੇਚਣ ਵਾਲ਼ਾ ਬਾਈ ਲੱਭ ਲਿਆ ਅਤੇ ਉਸ 'ਤੇ ਧੌੜੀ ਦੀ ਜੁੱਤੀ 'ਫੇਰਨੀ' ਸ਼ੁਰੂ ਕਰ ਦਿੱਤੀ


----


ਇਕ ਸੱਭਿਆਚਾਰਕ ਮੇਲੇ ਵਿਚ ਇਕ ਗਾਇਕ ਲੋਕਾਂ ਨੂੰ ਅਤੇ ਗਾਇਕਾਂ ਨੂੰ 'ਉਪਦੇਸ਼' ਜਿਹਾ ਦੇਈ ਜਾ ਰਿਹਾ ਸੀ, "ਮੇਰੀ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਸਿੱਧੀ ਲਈ ਲੱਚਰ ਗੀਤਾਂ ਦਾ ਸਹਾਰਾ ਨਾ ਲੈਣ..! ਜਿੱਥੋਂ ਤੱਕ ਹੋ ਸਕੇ, ਗੀਤ ਧੀਆਂ ਭੈਣਾਂ ਵਿਚ ਸੁਣਨ ਵਾਲ਼ੇ ਹੀ ਗਾਏ ਜਾਣ..! ਮੇਰੀ ਗੀਤਕਾਰ ਭਰਾਵਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਅਸ਼ਲੀਲ ਗੀਤ ਨਾ ਸਿਰਜਿਆ ਕਰਨ..! ਸੱਭਿਆਚਾਰਕ ਗੀਤ ਹੀ ਲਿਖਿਆ ਕਰਨ ਤਾਂ ਕਿ ਅਸੀਂ ਆਪਣਾ ਵਿਰਸਾ ਬਚਾ ਸਕੀਏ..!" ਤੇ ਜਦ ਉਸੇ ਗਾਇਕ ਨੇ "ਨਾਲ਼ੋਂ ਜਾ ਕੇ ਨਾਇਣ ਚੱਕ ਲਈ - ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ..!" ਸ਼ੁਰੂ ਕੀਤਾ ਤਾਂ ਉਥੇ ਉਸ ਦੇ ਸਿਰ ਵਿਚ ਕਿੰਨੇ ਅਤੇ ਕਿੰਨੀ ਤਰ੍ਹਾਂ ਦੇ ਛਿੱਤਰ ਵਰ੍ਹੇ..? ਦੱਸਣਾ ਮੁਸ਼ਕਿਲ ਹੈ..! ਇਹ ਤਾਂ ਸ਼ਾਇਦ ਕੋਈ ਡਾਕਟਰੀ ਰਿਪੋਰਟ ਹੀ ਦੱਸ ਸਕੇਗੀ!


----


ਸਾਡੇ ਪਿੰਡ ਵਿਚ ਇਕ ਤਾਈ ਹਰਨਾਮੀ ਹੁੰਦੀ ਸੀਉਮਰ ਉਸ ਦੀ ਅੱਸੀਆਂ ਦੇ ਨੇੜ ਅਤੇ ਸੋਟੀ ਆਸਰੇ ਹੀ ਤੁਰਦੀ ਸੀ! ਆਦਤ ਉਸ ਦੀ ਵੀ ਬਹੁਤ ਭੈੜ੍ਹੀ ਸੀਜਦ ਕਿਸੇ ਪਿੰਡ ਦੀ ਨੂੰਹ ਨੇ ਖੇਤ ਰੋਟੀ ਲਈ ਜਾਂਦੀ ਨੇ ਉਸ ਨੂੰ, "ਬੇਬੇ ਜੀ ਮੱਥਾ ਟੇਕਦੀ ਆਂ" ਆਖ ਜਾਣਾ ਤਾਂ ਤਾਈ ਹਰਨਾਮੀ ਨੇ ਸੋਟੀ ਆਸਰੇ ਉਥੇ ਹੀ ਖੜ੍ਹ ਕੇ ਅਸੀਸਾਂ ਦੇਣ ਲੱਗ ਜਾਣਾ, "ਵੀਰ ਜਿਉਣ, ਮਹਾਰਾਜ ਬੱਚਾ ਦੇਵੇ, ਰੱਬ ਭਾਗ ਲਾਵੇ, ਬੁੱਢ ਸੁਹਾਗਣ ਰਹੇਂ..!" ਮੱਥਾ ਟੇਕਣ ਵਾਲ਼ੀ ਨੇ ਰੋਟੀ ਲੈ ਕੇ ਖੇਤ ਪਹੁੰਚ ਜਾਣਾਪਰ ਤਾਈ ਨੇ ਉਥੇ ਖੜ੍ਹੀ ਨੇ ਹੀ ਅਸੀਸਾਂ ਦੇਈ ਜਾਣੀਆਂ! ਤੇ ਜੇ ਕਿਸੇ ਨੇ ਬੇਧਿਆਨੀ ਜਾਂ ਤੇਜੀ ਵਿਚ ਤਾਈ ਹਰਨਾਮੀ ਨੂੰ ਮੱਥਾ ਟੇਕਣੋਂ ਭੁੱਲ ਜਾਣਾ ਤਾਂ ਉਦੋਂ ਤਾਂ ਤਾਈ ਨੇ ਕੁਝ ਨਾ ਬੋਲਣਾਪਰ ਜਦ ਅਗਲੀ ਨੇ ਕਿੱਲਾ ਦੋ ਕਿੱਲੇ ਵਾਟ ਅੱਗੇ ਲੰਘ ਜਾਣਾ ਤਾਂ ਤਾਈ ਨੇ ਆਪਣਾ 'ਸੋਲ੍ਹਾ' ਛਿੱਤਰ ਲਾਹ ਕੇ ਅਗਲੀ ਦੇ ਪੈਰ ਦੀ ਪੈੜ ਕੁੱਟਣ ਲੱਗ ਜਾਣੀ, "ਇਹ ਤਾਂ ਕਿਸੇ ਗਏ ਘਰ ਦੀ ਐ..! ਇਹਨੂੰ ਅਕਲ ਨ੍ਹੀ ਭਾਈ..!" ਤੇ ਜੇ ਕਿਸੇ ਨੇ ਉਸ ਨੂੰ ਜੁੱਤੀ ਨਾਲ਼ ਪੈੜ ਕੁੱਟਣ ਦਾ ਕਾਰਨ ਪੁੱਛਣਾ ਤਾਂ ਉਸ ਨੇ ਛਿੱਤਰ ਦੀ ਸੱਟ ਹੋਰ ਕਰੜੀ ਕਰ ਦੇਣੀਂ ਅਤੇ ਨਾਲ਼ੇ ਪੈੜ 'ਤੇ ਥੁੱਕਣਾ, "ਕਿਸੇ ਮਾੜੇ ਪੈੜੇ ਆਲ਼ੀ ਦੀ ਪੈੜ ਕੁੱਟਦੀ ਐਂ ਭਾਈ..! ਐਹੋ ਜੀ ਦਾ ਤਾਂ ਪਿੰਡ 'ਤੇ ਪਰਛਾਵਾਂ ਪਿਆ ਵੀ ਮਾੜੈ..!" ਉਸ ਨੇ ਮੱਥਾ ਨਾ ਟੇਕਣ ਦਾ ਗੁੱਸਾ ਅਗਲੀ ਦੀ ਪੈੜ ਕੁੱਟ ਕੇ ਲੈਣਾਂ! ਕਦੇ ਕਦੇ ਉਸ ਨੇ ਬਿਨਾ ਗੱਲੋਂ ਵੀਹੀ ਵਿਚ ਖੜ੍ਹ ਕੇ ਆਪਣਾ ਗੁੱਸਾ ਕੱਢਣ ਲੱਗ ਪੈਣਾਂ, "ਪੰਜ ਦਿਨ ਹੋ ਗਏ, ਆਹ ਟੁੱਟੜਾ ਮਿਸਤਰੀ ਮੇਰੀ ਪੀੜ੍ਹੀ ਨ੍ਹੀ ਠੋਕ ਕੇ ਦਿੰਦਾ..! ਮੈਂ ਇਕ ਅੱਧਾ ਦਿਨ ਹੋਰ ਦੇਖਣੈਂ, ਰੁੜ੍ਹ ਜਾਣੇ ਦੇ ਘਰੇ ਸਿਆਪਾ ਕਰ ਕੇ ਆਊਂ..!" ਤੇ ਨਾਲ਼ ਦੀ ਨਾਲ਼ ਉਸ ਨੇ ਅੰਦਰੋਂ ਛੱਜ ਲਿਆ ਕੇ ਉਸ 'ਤੇ ਆਪਣਾ ਛਿੱਤਰ ਖੜਕਾਉਣਾ ਸ਼ੁਰੂ ਕਰ ਦੇਣਾ!


----


ਇਕ ਗੱਲ ਹੋਰ ਦੱਸਦਾ ਜਾਂਵਾਂ ਕਿ ਛਿੱਤਰ ਸਿਰਫ਼ ਕੁੱਟਣ ਵਾਸਤੇ ਹੀ ਨਹੀਂ ਹੁੰਦਾ! ਛਿੱਤਰ ਕਦੇ ਕਦੇ ਦੁਆਈ ਵਾਂਗ ਲਾਹੇਵੰਦ ਵੀ ਸਾਬਤ ਹੁੰਦਾ ਹੈ! ਆਮ ਲੋਕਾਂ ਦਾ ਕਥਨ ਹੈ ਕਿ ਜੇ ਕਿਸੇ ਨੂੰ ਮਿਰਗੀ ਪੈ ਜਾਵੇ, ਤਾਂ ਉਸ ਰੋਗੀ ਨੂੰ ਛਿੱਤਰ ਸੁੰਘਾਓ! ਠੀਕ ਹੋ ਜਾਵੇਗਾ! ਜੁੱਤੀ ਉਤਨੀ ਬਦਨਾਮ ਨਹੀਂ, ਜਿੰਨੀ ਲੋਕਾਂ ਨੇ ਬਦਨਾਮ ਕਰ ਮਾਰੀ ਹੈ! ਜਦ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਜੋੜਿਆਂ ਦੀ ਸੇਵਾ ਨੂੰ ਉੱਤਮ ਸਮਝ ਕੇ ਕਰਦੇ ਹਾਂ! ਜੋੜਿਆਂ ਦੀ ਸੇਵਾ ਕਰਨ ਨਾਲ਼ ਮਨ ਦੀ ਮੈਲ਼ ਅਤੇ ਪਾਪ ਧੋਤੇ ਜਾਂਦੇ ਹਨਇਕ ਵਾਰੀ ਧੰਨੇ ਅਮਲੀ ਨੂੰ ਕੋਈ ਜੋਗੀ 'ਮਣਕਾ' ਦੇ ਗਿਆਅਖੇ ਜੇ ਕਿਸੇ ਦੇ ਸੱਪ ਲੜ ਜਾਵੇ ਤਾਂ ਇਹ ਮਣਕਾ ਉਪਰ ਲਾ ਦੇਵੀਂਇਹ ਮਣਕਾ ਸਾਰੀ ਜ਼ਹਿਰ ਚੂਸ ਲਵੇਗਾਅਮਲੀ ਸੀ ਕਮਲ਼ਾ! ਉਸ ਨੇ ਖੇਤਾਂ ਦੀਆਂ ਉੱਜੜੀਆਂ ਖੱਡਾਂ ਵਿਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਦੋਂ ਸੱਪ ਮੇਰੇ ਲੜੇ, ਤੇ ਕਦੋਂ ਮੈਂ ਮਣਕਾ ਅਜ਼ਮਾਵਾਂ..! ਸਾਡੇ ਗੁਆਂਢੀ ਤਾਏ ਨੇ ਹੱਸਦਿਆਂ ਕਿਹਾ, "ਦੇਖੋ ਉਏ ਮੁੰਡਿਓ..! ਇਹਦੀਆਂ ਲੱਕੜਾਂ ਦਾ ਪ੍ਰਬੰਧ ਕਰੋ ਉਏ..! ਔਹ ਧੰਨੇ ਨੂੰ ਮਣਕੇ ਦਾ ਕੀ ਕਮਲ਼ ਚੜ੍ਹਿਐ..! ਦਿਨ ਰਾਤ ਸੱਪਾਂ ਦੀਆਂ ਖੱਡਾਂ ਵਿਚ ਹੱਥ ਪਾ ਪਾ ਕੇ ਸੱਪ ਟੋਂਹਦੈ ਫਿਰਦੈ..! ਇਹ ਕਿਸੇ ਦਿਨ ਸੱਪ ਫੜਦਾ ਫੜਦਾ ਕਿਤੇ ਬੰਦੇ ਨਾ ਫੜਨ ਲੱਗ ਪਵੇ? ਕਿਸੇ ਦਿਨ ਸੱਪ ਆਉਣੈਂ ਨਿਕਲ਼ ਤੇ ਉਹਨੇ ਮਾਰਨੈਂ ਇਹਦੇ ਡੰਗ, ਮਣਕੇ ਨੇ ਕੁਛ ਕਰਨਾ ਨ੍ਹੀ ਤੇ ਇਹਨੇ ਮਰ ਜਾਣੈਂ..! ਲੱਕੜਾਂ ਆਪਾਂ ਨੂੰ ਈ ਲਾਉਣੀਆਂ ਪੈਣੀਐਂ..!" ਇਕ ਦਿਨ ਕਿਸੇ ਖੱਡ 'ਚੋਂ ਕੋਈ ਚੂਹੇ ਖਾਣਾ ਸੱਪ ਨਿਕਲ਼ ਆਇਆ ਤੇ ਧੰਨੇ ਦੇ ਦੰਦੀ ਜਿਹੀ ਵੱਢ ਗਿਆਸੱਪ ਦੀਆਂ ਕਈ ਨਸਲਾਂ ਐਹੋ ਜਿਹੀਆਂ ਹੁੰਦੀਆਂ ਨੇ, ਜਿੰਨ੍ਹਾਂ ਦੇ ਡੰਗ ਵਿਚ ਜ਼ਹਿਰ ਹੀ ਨਹੀਂ ਹੁੰਦਾਸੱਪ ਦੇ ਡੰਗਣ ਨਾਲ਼ ਧੰਨੇ ਨੂੰ ਬਹੁਤਾ ਕੁਛ ਤਾਂ ਨਾ ਹੋਇਆ ਅਤੇ ਨਾ ਹੀ ਉਸ ਦੇ ਮਣਕੇ ਨੇ ਕੋਈ ਕੰਮ ਕੀਤਾ! ਪਿੰਡ ਵਾਲ਼ੇ ਕਿਤੋਂ ਕਿਸੇ ਜੋਗੀ ਨੂੰ ਲੱਭ ਲਿਆਏਉਸ ਨੇ ਸਲਾਹ ਦਿੱਤੀ ਕਿ ਚੂਹੇ ਖਾਣੇ ਸੱਪ ਦੇ ਡੰਗਣ ਨਾਲ਼ ਬੰਦਾ ਮਰਦਾ ਨਹੀਂਬੱਸ 'ਘਾਊਂ-ਮਾਊਂ' ਜਿਹਾ ਹੋ ਜਾਂਦੈ ਤੇ ਡੰਗ ਵਾਲ਼ੀ ਜਗਾਹ 'ਤੇ ਸੋਜ਼ ਜਿਹੀ ਹੋ ਜਾਂਦੀ ਐ!


----


-"ਇਹਦਾ 'ਲਾਜ ਵੀ ਦੱਸ ਦਿਓ ਜੋਗੀ ਜੀ..! ਇਹਦੀ ਸੋਜ ਦਾ ਕੀ ਕਰੀਏ..?" ਕਿਸੇ ਰਹਿਮ ਦਿਲ ਨੇ ਪੁੱਛਿਆ



-"ਇਹਦੇ ਸੋਜਜ ਵਾਲ਼ੀ ਥਾਂ 'ਤੇ ਨਿੰਮ੍ਹ ਦਾ ਪਾਣੀ ਲਾ ਕੇ ਸੁੱਕਿਆ ਛਿੱਤਰ ਰਗੜੋ..! ਲੋਟ ਹੋਜੂ..!" ਆਖ ਕੇ ਜੋਗੀ ਚਲਾ ਗਿਆ



ਸੋ ਮਿੱਤਰੋ! ਛਿੱਤਰ ਇਕੱਲਾ ਦੁੱਖ ਦੇਣ ਵਾਲ਼ਾ ਹੀ ਨਹੀਂ, ਦੁਆਈ ਦਾ ਕੰਮ ਵੀ ਕਰਦਾ ਹੈ! ਇਹ ਤਾਂ ਵਰਤਣ ਦਾ ਢੰਗ ਆਉਣਾ ਚਾਹੀਦਾ ਹੈ! ਬਹੁਤੀਆਂ ਗੱਲਾਂ ਦੱਸਣ ਵਾਲ਼ੀਆਂ ਨਹੀਂ ਹੁੰਦੀਆਂ! ਇਸੇ ਲਈ ਹੀ ਤਾਂ ਮੈਂ ਆਖਦਾ ਹਾਂ ਕਿ ਬੋਲ ਛਿੱਤਰ ਭਲਵਾਨ ਕੀ..! ਅੱਗੇ ਥੋਡਾ ਕੰਮ ਹੈ..!

Sunday, May 17, 2009

ਕੂੜ ਫਿਰੇ ਪ੍ਰਧਾਨ ਵੇ ਲਾਲੋ - ਕਹਾਣੀ

ਕੂੜ ਫਿਰੇ ਪ੍ਰਧਾਨ ਵੇ ਲਾਲੋ

ਖ਼ੁਸ਼ੀ ਵਿਚ ਜੰਗੀਰ ਕੌਰ ਦੀ ਅੱਡੀ ਨਹੀਂ ਲੱਗਦੀ ਸੀਕਿਸੇ ਚਾਅ ਵਿਚ ਉਹ ਭੱਜੀ ਫਿਰਦੀ ਸੀਉਹ ਤਾਂ ਲੋਕਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੀ ਸੀਪਰ ਅੱਜ ਤਾਂ ਫਿਰ ਉਸ ਦੇ ਘਰੇ ਖ਼ੁਸ਼ੀ ਸੀਖੇੜਾ ਸੀ! ਉਸ ਦੇ ਇਕਲੌਤੇ ਪੁੱਤ ਦਾ ਵਿਆਹ ਸੀਪਹਿਲੀ ਅਤੇ ਇੱਕੋ-ਇਕ ਨੂੰਹ ਘਰੇ ਆਉਣੀ ਸੀਚਾਅ ਤਾਂ ਕੁਦਰਤੀਂ ਹੋਣਾ ਹੀ ਸੀ

ਸ਼ਾਦੀ ਹੋ ਗਈਨੂੰਹ ਘਰੇ ਆ ਗਈਜੰਗੀਰ ਕੌਰ ਨੇ ਨੂੰਹ-ਪੁੱਤ ਉਪਰੋਂ ਦੀ ਖ਼ੂਬ ਪਾਣੀ ਵਾਰ-ਵਾਰ ਪੀਤਾ ਸੀਰੱਜ ਕੇ ਸ਼ਗਨ ਕੀਤੇ ਸਨਗੀਤ, ਦੋਹੇ ਗਾਏ ਸਨ ਅਤੇ ਧਰਤੀ ਹਿਲਾਊ ਗਿੱਧਾ ਪਾਇਆ ਸੀਜਾਣੋਂ ਹਰ ਖ਼ੁਸ਼ੀ ਪੂਰੀ ਕੀਤੀ ਸੀ

ਜੰਗੀਰ ਕੌਰ ਬਹੁਤ ਹੀ 'ਲਾਈਲੱਗ' ਬੁੜ੍ਹੀ ਸੀਹਰ ਇਕ ਦੇ 'ਪਿੱਛੇ' ਲੱਗ ਜਾਂਦੀ ਸੀਕੋਈ ਕੁਝ ਵੀ ਕਹਿ ਦਿੰਦਾ, ਉਸ ਨੂੰ 'ਸੱਤ' ਹੀ ਮੰਨਦੀ ਸੀਦਿਮਾਗ ਦੀ ਥੋਥੀ ਸੀਇਸ ਲਈ ਕੁਝ ਸੋਚਦੀ ਵੀ ਨਹੀਂ ਸੀਭੇਡ ਦੇ ਪਿੱਛੇ ਭੇਡ ਡਿੱਗਣ ਵਾਂਗ, ਕਿਸੇ ਮਗਰ ਲੱਗ ਕੇ ਤਾਂ ਉਹ ਖੂਹ ਵਿਚ ਵੀ ਡਿੱਗ ਸਕਦੀ ਸੀ!

-"ਇਕ ਗੱਲ ਸੁਣ ਲੈ ਜੰਗੀਰੋ! ਨੂੰਹ ਨੂੰ ਸਿਰ 'ਤੇ ਨਾ ਚੜ੍ਹਾਲੀਂ-ਇਹ ਚਾਂਭਲਦੀਆਂ ਵੀ ਬਾਹਲੀ ਛੇਤੀ ਐ-ਮੇਰੀ ਮੰਨੇਂ ਤਾਂ ਹੁਣੇ ਤੋਂ ਈ ਛਿੱਤਰ ਹੇਠਾਂ ਰੱਖੀਂ-ਤੇਰੀ ਤਾਂ ਫਿਰ ਵੀ ਇਕੋ ਇਕ ਨੂੰਹ ਐਂ-ਵਿਗੜੀ ਲੋਟ ਨ੍ਹੀ ਆਉਣੀ!" ਸੰਤੀ ਕੂਕਣ ਇਕ ਦਿਨ ਘਰੇ ਆ ਕੇ ਜੰਗੀਰੋ ਨੂੰ ਕਹਿ ਗਈ ਸੀ

----

ਸੰਤੀ ਕੂਕਣ ਨੂੰਹਾਂ ਤੋਂ ਕਾਫ਼ੀ ਮਾਯੂਸ ਹੋ ਗਈ ਸੀਨੂੰਹਾਂ ਨੂੰ ਜੁੱਤੀ ਹੇਠ ਰੱਖਦੀ-ਰੱਖਦੀ ਨੇ ਕਿ ਦਿਨ ਝਾਟਾ ਹੀ ਪੁਟਵਾ ਲਿਆ ਸੀਉਹ ਨੂੰਹਾਂ ਨੂੰ ਮੂੰਹ ਨਹੀਂ ਬੋਲਦੀ ਸੀਇਕ ਦਿਨ ਕਰੋਧੀ ਹੋਈਆਂ ਨੂੰਹਾਂ ਨੇ ਕਿੱਲੇ ਨਾਲ ਬੰਨ੍ਹ ਕੇ ਸੁੱਕੇ ਛਿੱਤਰਾਂ ਨਾਲ ਮੂੰਹ ਹੀ ਮੂੰਹ ਭੰਨਿਆਂ ਸੀਪਰ ਸੰਤੀ ਨੇ ਰੌਲਾ ਨਹੀਂ ਪਾਇਆ ਸੀਚੁੱਪ-ਚਾਪ ਸੀਲ ਬਣ ਲੇ ਕੁੱਟ ਸਹਿ ਲਈ ਸੀਰੱਬ ਦਾ ਭਾਣਾ ਮਿੱਠਾ-ਮਿੱਠਾ ਕਰਕੇ ਮੰਨ ਲਿਆ ਸੀਬੁੱਢੀ ਦਾ ਮੂੰਹ ਸੁੱਜ ਕੇ ਬੁਲ੍ਹਬਲ੍ਹੇ ਜਿੱਡਾ ਬਣ ਗਿਆ ਸੀਜਦ ਲੋਕਾਂ ਨੇ ਮੂੰਹ ਸੁੱਜਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਬੜੀ ਧਹੱਮਲ ਨਾਲ ਫੈਂਟਰ ਸੁੱਟਿਆ ਸੀ ਕਿ ਉਹ ਅੰਦਰੋਂ ਪਾਥੀਆਂ ਲੈਣ ਗਈ ਤਾਂ ਛੱਤ 'ਤੇ ਭਰਿੰਡਾਂ ਦੀ ਖੱਖਰ ਲੱਗੀ ਹੋਈ ਸੀਭਰਿੰਡਾਂ ਨੇ ਅਚਾਨਕ ਹਮਲਾ ਕਰ ਦਿੱਤਾ ਸੀਅਸਲੀਅਤ ਦੱਸਣੀ ਤਾਂ ਉਸ ਦੀ ਆਪਣੀ ਹੀ ਬੇਇੱਜ਼ਤੀ ਸੀ, ਹੇਠੀ ਸੀ!

ਜੰਗੀਰ ਕੌਰ ਸੱਚੀਂ ਹੀ ਲਾਈਲੱਗ ਨਿਕਲੀਜਦੋਂ ਦੂਜੀ ਵਾਰ ਨੂੰਹ ਸਹੁਰੀਂ ਆਈ ਤਾਂ ਉਸ ਨੇ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂਨੂੰਹ ਸਚਿਆਰੀ ਸੀਕੰਮ ਧੰਦੇ ਨੂੰ ਤਕੜੀ ਸੀਪਰ ਜੰਗੀਰੋ ਨਿਘੋਚਾਂ ਕੱਢਣੋਂ ਨਹੀਂ ਹੱਟਦੀ ਸੀਹਰ ਵਕਤ ਨੱਕ ਬੁੱਲ੍ਹ ਕੱਢਦੀ ਰਹਿੰਦੀ

-"ਸੱਸਾਂ ਭੁੱਲ ਕਿਉਂ ਜਾਂਦੀਐਂ ਬਈ ਨੂੰਹਾਂ ਵੀ ਕਿਸੇ ਦੀਆਂ ਧੀਆਂ ਹੁੰਦੀਐਂ?" ਬਹੂ ਕਦੇ-ਕਦੇ ਸੋਚਦੀਪਰ ਚੁੱਪ ਰਹਿੰਦੀਆਪਦੇ ਘਰਵਾਲੇ ਨੂੰ ਵੀ ਕਦੇ ਕੁਝ ਨਾ ਦੱਸਦੀਹਿੱਕ 'ਤੇ ਪੱਥਰ ਰੱਖ ਕੇ ਸਭ ਕੁਝ ਜਰਦੀ

ਮਹੀਨਾ ਕੁ ਗੁਜਰਿਆਬਹੂ ਦਾ ਵੱਡਾ ਭਰਾ ਲੈਣ ਲਈ ਆ ਗਿਆਸ਼ਾਮ ਨੂੰ ਉਸ ਨੇ ਬੁੱਢੀ ਦੇ ਮੰਜੇ ਦੀ ਪੈਂਦ 'ਤੇ ਬੈਠ ਕੇ ਲਿਜਾਣ ਵਾਲੀ ਗੱਲ ਚਿਤਾਰੀ ਤਾਂ ਬੁੜ੍ਹੀ ਕੌੜ ਮੱਝ ਵਾਂਗ ਲੱਤ ਹੀ ਚੁੱਕ ਗਈਲੋਹੇ ਦਾ ਥਣ ਬਣ ਗਈ

-"ਭਾਈ ਸਾਡਾ ਤਾਂ ਕੰਮ ਦਾ ਆਬਦਾ ਨ੍ਹੀ ਸਰਦਾ-ਇਕ ਔਤਰੇ ਮੇਰੇ ਹੱਡ ਪ੍ਰਾਣ ਜੁੜੇ ਰਹਿੰਦੇ ਐ-ਮੇਥੀ ਜਿਹੀ ਵੀ ਰਲਾ ਕੇ ਖਾਧੀ ਸੀ-ਪਰ 'ਰਾਮ ਨ੍ਹੀ ਆਇਆ-ਨਾਲੇ ਪੁੱਤ ਜੇ ਇਹਨੂੰ ਪੇਕੀਂ ਰੱਖਣ ਦਾ ਬਹੁਤਾ ਈ ਚਾਅ ਸੀ-ਤਾਂ ਇਹਨੂੰ ਵਿਆਹੁੰਣਾ ਈ ਕਾਹਤੋਂ ਸੀ? ਘਰੇ ਈ ਰੱਖ ਲੈਂਦੇ!" ਬੁੱਢੀ ਦਾ ਖੱਪਰਖਾਧਾ ਮੂੰਹ ਕੌੜਾ ਜਿਹਾ ਹੱਸਿਆ ਸੀਮੁੰਡਾ ਚੁੱਪ ਵੱਟ ਗਿਆਪਰ ਬੁੱਢੀ ਦੀ ਚੋਭਵੀਂ ਗੱਲ ਮੁੰਡੇ ਦੇ ਸੀਨੇ ਵਿਚ ਲਾਟ ਵਾਂਗ ਫਿਰ ਗਈ ਸੀਉਹ ਭਰਿਆ ਪੀਤਾ ਮੁੜ ਗਿਆਪਰ ਬੱਤੀ-ਸੁਲੱਖਣੀਂ ਨੂੰਹ ਨੇ ਫਿਰ ਨਾ ਕਿਸੇ ਕੋਲ ਭਾਫ਼ ਕੱਢੀਉਹ ਅੰਦਰੋ-ਅੰਦਰੀ ਰੋ ਕੇ ਚੁੱਪ ਕਰ ਗਈ ਸੀਉਹ ਸੋਚਦੀ ਸੀ ਕਿ ਕਿਵੇਂ ਨਾ ਕਿਵੇਂ ਇਸ ਘਰ ਵਿਚ ਵਸ ਜਾਵਾਂਨਾਲੇ ਸੱਸ ਦਾ ਕੀ ਸੀ? ਨਦੀ ਕਿਨਾਰੇ ਰੁੱਖ ਸੀਇਹ ਨਹੀਂ ਪਤਾ ਸੀ ਕਿ ਕਦੋਂ ਸਾਹ ਛੱਡ ਜਾਣੇ ਸਨਬਹੂ ਬਹੁਤੀਆਂ ਹੀ ਡੂੰਘੀਆਂ ਗੱਲਾਂ ਸੋਚਦੀ ਸੀਪਰ 'ਪੱਟ-ਹੋਣੀ' ਬੁੜ੍ਹੀ ਹੋਸ਼ੀ ਵਗਦੀ ਸੀ

----

ਸਬੱਬੀਂ ਇਕ ਦਿਨ ਸੰਤੀ ਕੂਕਣ ਨੇ ਫਿਰ ਗੇੜਾ ਮਾਰਿਆਅੱਜ ਫਿਰ ਉਸ ਦੀ ਇਕ ਅੱਖ ਸੁੱਜੀ ਹੋਈ ਸੀਕਿਸੇ ਨੂੰਹ ਦੀ ਕਰਤੂਤ ਜਾਪਦੀ ਸੀਕੁੱਟ ਖਾਧੇ ਬਿਨਾ ਸੰਤੀ ਦੇ ਰੋਟੀ ਹਜ਼ਮ ਨਹੀਂ ਆਉਂਦੀ ਸੀ

-"ਮੱਥਾ ਟੇਕਦੀ ਐਂ ਅੰਮਾਂ ਜੀ!" ਜੰਗੀਰੋ ਨੇ ਸੰਤੀ ਦੇ ਪੈਰੀਂ ਹੱਥ ਲਾਏ

-"ਵੀਰ ਜਿਉਣ-ਗੁਰੂ ਭਾਗ ਲਾਵੇ-ਪੋਤਿਆਂ 'ਚ ਖੇਡੇਂ!" ਸੰਤੀ ਨੇ ਘਰਾਟ ਰਾਗ ਚਾਲੂ ਕਰ ਦਿੱਤਾ ਸੀ

-"ਅੰਮਾਂ ਜੀ-ਅੱਖ 'ਤੇ ਕੀ ਹੋ ਗਿਆ?"

-"ਨੀ ਕੀ ਪੁੱਛਦੀ ਐਂ? ਹੱਥ ਮੂੰਹ ਧੋ ਕੇ ਗੁਰਦੁਆਰੇ ਜਾਣ ਲੱਗੀ ਸੀ-ਤਿਲ੍ਹਕ ਕੇ ਡਿੱਗਪੀ-ਤੇ ਨਲਕੇ ਦੀ ਹੱਥੀ ਵੱਜੀ।" ਸੰਤੀ ਨੇ ਕਾਹਲੀ ਨਾਲ ਸਮਾਂ ਬੋਚਿਆਅਸਲ ਵਿਚ ਛੋਟੀ ਨੂੰਹ ਨੇ ਚਲਾਵਾਂ ਘੋਟਣਾ ਮਾਰਿਆ ਸੀ

-"ਸੱਚ! ਦੇਹ ਗੱਲ ਬਹੂ ਦੀ? ਹੋਈ ਕੋਈ ਮੈਦਵਾਰੀ?" ਸੰਤੀ ਨੇ ਪੈਂਦੀ ਸੱਟੇ ਗੱਲ ਬਦਲੀ!

-"ਨੀ ਕਾਹਨੂੰ ਅੰਮਾਂ ਜੀ! ਅਜੇ ਤਾਂ ਕੋਈ ਮੈਦਵਾਰੀ ਨ੍ਹੀ ਹੋਈ-ਆਹ ਕੱਲ੍ਹ ਫੇਰ ਬਿਮਾਰ ਹੋਗੀ।" ਪਿਛਲੀ ਗੱਲ ਜੰਗੀਰੋ ਨੇ ਦੱਬਵੀਂ ਜਿਹੀ ਅਵਾਜ਼ ਨਾਲ ਕਹੀ

-"ਹਾਏ-ਹਾਏ ਨ੍ਹੀ! ਬੁਰਸ਼ੇ ਅਰਗੀ ਪਈ ਐ-ਜੇ ਇਹੇ ਸਾਡੇ ਪ੍ਰੀਵਾਰ 'ਚ ਵਾਧਾ ਨਾ ਕਰੂਗੀ-ਫੇਰ ਅਸੀਂ ਐਹੋ ਜੀ ਕੰਜ ਬੱਕਰੀ ਤੋਂ ਕਾਢਾ ਕਢਵਾਉਣੈਂ?" ਸੰਤੀ ਨੇ ਮੂੰਹ ਘੁੱਟ ਲਿਆਸੁੱਜੀ ਅੱਖ ਡੰਡ ਬੈਠਕਾਂ ਕੱਢਣ ਲੱਗ ਪਈ ਸੀ

-"ਨੀ ਬਹੂ! ਤੈਨੂੰ ਐਨੀ ਵੀ ਅਕਲ ਨ੍ਹੀ ਬਈ ਘਰ ਆਏ ਬੰਦੇ ਦਾ ਕਿਮੇ ਮਾਣ ਤਾਣ ਕਰਨੈਂ? ਅੰਮਾਂ ਜੀ ਦੇ ਪੈਰੀਂ ਹੱਥ ਨ੍ਹੀ ਲਾਏ ਤੂੰ---?" ਜੰਗੀਰੋ ਨੇ ਨੂੰਹ ਉਪਰ ਆਪਣਾ ਰੋਅਬ ਜਿਹਾ ਦਿਖਾਉਣ ਲਈ ਕਿਆਂਕ ਕੱਢੀਬਹੂ ਆ ਕੇ ਪੈਰੀਂ ਹੱਥ ਲਾ ਗਈਬਹੂ ਨੂੰ ਸੰਤੀ ਆਈ ਦਾ ਪਤਾ ਤਾਂ ਲੱਗ ਗਿਆ ਸੀਪਰ ਉਹ ਪਤਾ ਨਹੀਂ ਕਿਉਂ, ਸੰਤੀ ਦੇ ਮੱਥੇ ਲੱਗਣੋਂ ਡਰਦੀ ਸੀਪਤਾ ਨਹੀਂ ਕਿਉਂ ਉਸ ਦਾ ਸੰਤੀ ਨੂੰ ਦੇਖ ਕੇ ਕਾਲਜਾ ਜਿਹਾ ਨਿਕਲ ਜਾਂਦਾ ਸੀ? ਡਰ ਜਿਹੀ ਜਾਂਦੀ ਸੀ ਉਹ ਉਸ ਦੀ ਮਨਹੂਸ ਸ਼ਕਲ ਤੱਕ ਕੇ!

-"ਕੁਛ ਘਰੋੜ ਜਿਹੀ ਰੱਖਦੀ ਐ ਬਹੂ?" ਸੰਤੀ ਨੇ ਪੁੱਛਿਆ

-"ਤੀਮੀ ਮਾਲਕ ਦੀ ਘੱਟ ਈ ਬਣਦੀ ਐ।" ਜੰਗੀਰੋ ਨੇ ਸੰਤੀ ਦੇ ਨੇੜੇ ਜਿਹੇ ਹੋ ਕੇ ਕਿਹਾ

-"ਤੇ ਫੇਰ ਤੂੰ ਬਣ ਚੁੱਕੀ ਦਾਦੀ!" ਸੰਤੀ ਨੇ ਬੁੱਲ੍ਹ ਟੇਰੇ

-"-----।" ਜੰਗੀਰੋ ਕੁਝ ਚੁੱਪ ਜਿਹਾ ਕਰ ਗਈਸ਼ਾਇਦ ਉਸ ਨੂੰ ਆਪਣੀ ਕਹੀ ਗੱਲ ਦਾ ਅਹਿਸਾਸ ਹੋਇਆ ਸੀ

-"ਦੇਹ ਅੰਮਾਂ ਜੀ ਤੇਰੇ ਘਰ ਦੀ ਖਬਰ?" ਜੰਗੀਰੋ ਨੇ ਗੱਲ ਬਦਲਣ ਦਾ ਯਤਨ ਕੀਤਾ

-"ਮਿਹਰ ਐ ਦਾਤੇ ਦੀ-ਵੱਡੀ ਪੇਕੀਂ ਗਈ ਹੋਈ ਐ-ਤੇ ਛੋਟੀ ਸੁੱਖ ਨਾਲ ਮੰਜੇ 'ਤੇ ਪੈਣ ਆਲੀ ਐ-ਅੱਜ ਉਹਦਾ ਭਰਾ ਲੈਣ ਆਇਆ ਬੈਠੈ।" ਸੰਤੀ ਨੇ ਦੱਸਿਆਅਸਲ ਵਿਚ ਵੱਡੀ ਲੜ ਕੇ ਪੇਕੀਂ ਗਈ ਹੋਈ ਸੀ ਅਤੇ ਛੋਟੀ ਨਾਲ ਸੰਤੀ ਹੁਣੇ ਜੁੰਡੋ-ਜੁੰਡੀ ਹੋ ਕੇ ਆਈ ਸੀਪਰ ਵਿਚਲੀ ਗੱਲ ਉਹ ਕਿਸੇ ਨੂੰ ਵੀ ਨਹੀਂ ਦੱਸਦੀ ਸੀਉਹ ਭੁੱਖਣ-ਭਾਣੀ ਘਰੋਂ ਖਿਸਕ ਆਈ ਸੀ, ਮਤਾਂ ਨੂੰਹ ਫਿਰ ਨਾ ਤਾਉਣੀ ਚਾੜ੍ਹ ਦੇਵੇ!

ਬਹੂ ਚਾਹ ਬਣਾ ਕੇ ਰੱਖ ਗਈ

-"ਕੁੜ੍ਹੇ ਬਹੂ! ਇਕ ਅੱਧੀ ਰੋਟੀ ਨ੍ਹੀ ਪਈ?" ਸੰਤੀ ਨੇ ਪੁੱਛਿਆਬਹੂ ਬਿਨਾ ਬੋਲੇ ਹੀ ਚਕਲੇ ਵਰਗੀਆਂ ਦੋ ਰੋਟੀਆਂ ਅਚਾਰ ਨਾਲ ਰੱਖ ਗਈਰੋਟੀਆਂ ਰਗੜ ਕੇ ਅਤੇ ਚਾਹ ਸੜ੍ਹਾਕ ਕੇ ਸੰਤੀ ਤੁਰ ਗਈ

----

ਜੰਗੀਰੋ ਕੇ ਘਰ 'ਤੇ ਵੀ ਰੱਬ ਦੀ ਮਿਹਰ ਹੋਈਬਹੂ ਦਾ 'ਪੈਰ ਭਾਰਾ' ਹੋ ਗਿਆਉਮੀਦਵਾਰੀ ਹੋ ਗਈਦਿਨ ਬੀਤਦੇ ਗਏਪੰਜਵਾਂ ਮਹੀਨਾਂ ਚੱਲ ਰਿਹਾ ਸੀਇਕ ਸਵੇਰ ਬਹੂ ਨੂੰ ਚੱਕਰ ਜਿਹੇ ਆ ਰਹੇ ਸਨਉਹ ਮੰਜੇ ਤੋਂ ਨਾ ਉਠ ਸਕੀਬੁੱਢੀ ਦਾ ਪੁੱਤ ਤਾਂ ਦਹੀਂ ਪੀ ਕੇ ਸਾਝਰੇ ਹੀ ਖੇਤ ਚਲਾ ਗਿਆ ਸੀਪੁੱਤ ਬਹੁਤ ਸਾਊ ਅਤੇ ਕੂਨਾਂ ਸੀਉਹ ਹਨ੍ਹੇਰੇ-ਹਨ੍ਹੇਰੇ ਹੌ ਖੇਤ ਚਲਾ ਜਾਂਦਾ ਅਤੇ ਅੱਧੀ ਰਾਤ ਘਰ ਆਉਂਦਾ ਸੀ

ਸੂਰਜ ਦੀ ਕਿਰਨ ਫੁੱਟੀਪਰ ਜੰਗੀਰੋ ਨੂੰ ਨੂੰਹ ਵਿਹੜੇ ਵਿਚ ਫਿਰਦੀ ਨਜ਼ਰ ਨਾ ਆਈਉਹ ਮੱਚ ਕੇ ਕੋਲੇ ਹੋ ਗਈਉਸ ਦੀਆਂ ਚੜ੍ਹ ਮੱਚੀਆਂ ਸਨਉਹ ਕਰੋਧ ਨਾਲ ਸੜ ਉਠੀ ਸੀ

-"ਨੀ ਤੂੰ ਸੁੱਤੀ ਨ੍ਹੀ ਉਠੀ ਅਜੇ? ਮੇਰੇ ਘਰੇ ਤੇਰੇ ਹਰਾਮ ਹੱਡ ਨ੍ਹੀ ਚੱਲਣੇ! ਇਹ ਤੇਰੇ ਪੇਕੇ ਨ੍ਹੀ ਬਈ ਦਿਨੇ ਯਾਰਾਂ ਹੇਠ ਪੈ ਗਈ ਤੇ ਰਾਤ ਨੂੰ ਸੌਂ ਲਿਆ-ਕੀ ਢਿੱਡ ਜਿਆ ਕਰਵਾ ਕੇ ਮਸਤਗੀ ਇਹੇ-ਨੀ ਅਸੀਂ ਵੀ ਤਿੰਨ ਜੰਮੇ ਸੀ-ਪਰ ਤੇਰੇ ਮਾਂਗੂੰ ਪਖੰਡ ਨ੍ਹੀ ਸੀ ਕੀਤੇ-।" ਜੰਗੀਰੋ ਦੇ ਮੂੰਹੋਂ ਝੱਗ ਡਿੱਗਣ ਲੱਗ ਪਈ ਸੀਜੁਆਕ ਤਾਂ ਉਸ ਨੇ ਤਿੰਨ ਹੀ ਜੰਮੇ ਸਨਪਰ ਦੋ ਮਰ ਗਏ ਸਨ

-"ਉਠ ਕੇ ਗੋਹਾ ਸਿੱਟ! ਪਸ਼ੂ ਚਰਘਲ ਕਰੀ ਜਾਂਦੇ ਐ-ਉਠ ਕੇ ਖੜ੍ਹੀ ਹੋਜਾ ਜੇ ਅਸਲ ਦੀ ਐਂ ਤਾਂ---!" ਬੁੜ੍ਹੀ ਨੇ ਭਕਾਟ ਪਾ ਦਿੱਤਾ ਸੀਉਸ ਦੇ ਸਾਹਮਣੇ ਧਰਤੀ ਘੁਕਣ ਲੱਗ ਪਈ ਸੀ

ਬਹੂ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨਉਹ ਸੱਸ ਦੀਆਂ ਜ਼ਿਆਦਤੀਆਂ ਤੋਂ ਅਤੀਅੰਤ ਦੁਖੀ ਸੀਪਰ ਕਰ ਵੀ ਕੀ ਸਕਦੀ ਸੀ? ਉਸ ਦਾ ਤਾਂ ਇਕ ਹੀ ਮਿਥਿਆ ਹੋਇਆ ਸੀ ਕਿ, ਵਸਣਾ ਹੈ!

----

ਉਹ ਬੜੀ ਜੱਦੋਜਹਿਦ ਨਾਲ ਉਠੀਉਸ ਦਾ ਬੁਰਾ ਹਾਲ ਸੀਸਿਰ ਫ਼ਟ ਰਿਹਾ ਸੀਚੱਕਰ ਆ ਰਹੇ ਸਨਬੁਖ਼ਾਰ ਨਾਲ ਸਰੀਰ ਭੱਠ ਵਾਂਗ ਤਪ ਰਿਹਾ ਸੀਉਸ ਨੇ ਕੜਾਹੀਆ ਲਿਆ ਅਤੇ ਗੋਹਾ ਇਕੱਠਾ ਕਰਨ ਲੱਗ ਪਈਉਸ ਦੀ ਨਜ਼ਰ ਪਾਟ ਰਹੀ ਸੀਅੱਖਾਂ ਮੂਹਰੇ ਭੰਬੂਤਾਰੇ ਜਿਹੇ ਨੱਚ ਰਹੇ ਸਨ

ਸੱਸ ਨੇ ਉਸ ਨੂੰ ਗੋਹੇ ਦਾ ਭਰਿਆ ਕੜਾਹੀਆ ਚੁਕਾ ਦਿੱਤਾਉਹ ਡਿਗਦੀ-ਢਹਿੰਦੀ ਦਰਵਾਜੇ ਤੱਕ ਪਹੁੰਚੀ ਤਾਂ ਬੇਵੱਸ ਹੋ ਗਈਨਜ਼ਰ ਬਿਲਕੁਲ ਜਵਾਬ ਦੇ ਗਈਅੱਖਾਂ ਅੱਗੇ ਹਨ੍ਹੇਰ ਛਾ ਗਿਆਲੱਤਾਂ ਸੌਂ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਮੂਧੇ ਮੂੰਹ ਡਿੱਗ ਪਈਦੇਹਲੀ ਤੋਂ ਅੱਧੀ ਉਧਰ ਅਤੇ ਅੱਧੀ ਉਧਰ ਉਹ ਲਟਕ ਜਿਹੀ ਰਹੀ ਸੀਉਸ ਦੀਆਂ ਚੀਕਾਂ ਗੁਆਂਢੀਆਂ ਦੇ ਘਰੇ ਸੁਣੀਆਂ ਸਨਦਰਦ ਨਾ ਸਹਿੰਦੀ ਹੋਈ ਉਹ ਬੇਹੋਸ਼ ਹੋ ਗਈਲੋਕਾਂ ਨੇ ਆ ਕੇ ਉਸ ਨੂੰ ਮੂਧੀ ਪਈ ਨੂੰ ਚੁੱਕਿਆਗਰਭ ਤੜਪ ਰਿਹਾ ਸੀਬੁੜ੍ਹਕ ਰਿਹਾ ਸੀਬਹੂ ਦਾ ਬੁਰਾ ਹਾਲ ਸੀਖ਼ੂਨ ਦਾ ਛੱਪੜ ਲੱਗ ਗਿਆ ਸੀ

----

ਪਿੰਡ 'ਚੋਂ ਟਰਾਲੀ ਲਿਆਂਦੀ ਗਈਟਰਾਲੀ ਵਿਚ ਪਾ ਕੇ ਬਹੂ ਨੂੰ ਹਸਪਤਾਲ ਪਹੁੰਚਾਇਆਉਸ ਦੀ ਹਾਲਤ ਕਾਫ਼ੀ ਖ਼ਤਰਨਾਕ ਸੀਡਾਕਟਰ ਪ੍ਰੇਸ਼ਾਨ ਸੀ

-"ਨੀ ਕਮਲੀਏ-ਤੂੰ ਪੰਜਮੇਂ ਮਹੀਨੇ ਬਹੂ ਕਿਉਂ ਗੋਹੇ ਕੂੜੇ ਲਾਈ?" ਕਈ ਬੁੜ੍ਹੀਆਂ ਨੇ ਆ ਕੇ ਜੰਗੀਰੋ ਨੂੰ ਠ੍ਹੋਕਰਿਆ

-"ਨੀ ਕਾਹਨੂੰ ਭਗਵਾਨ ਕੁਰੇ-ਮੈਂ ਤਾਂ ਬੀਹ ਆਰੀ ਵਰਜਿਆ ਸੀ ਬਈ ਨਾ ਗੋਹੇ ਨਾਲ ਪੰਗੇ ਲਿਆ ਕਰ-ਕੋਈ ਮਜ੍ਹਬਣ ਰੱਖ ਲੈਨੇ ਐਂ-ਪਰ ਕੀ ਕਰਾਂ? ਮੰਨੀ ਈ ਨ੍ਹੀ!"

-"ਨੀ ਭੈਣੇ ਐਹੋ ਜੇ ਮੌਕੇ ਤਾਂ ਅਗਲਾ ਕਿਸੇ ਚੂਹੜ੍ਹੀ ਤੋਂ ਨ੍ਹੀ ਗੋਹਾ ਕੂੜਾ ਸੁੱਟਵਾਉਂਦਾ-ਇ ਤਾਂ ਫੇਰ ਵੀ ਸਕੀ ਨੂੰਹ ਐਂ-ਤੇ ਉਹ ਵੀ 'ਕੱਲੀ 'ਕੱਲੀ!" ਕਿਸੇ ਸਿਆਣੀ ਬੁੜ੍ਹੀ ਨੇ ਹੱਡ 'ਤੇ ਮਾਰੀ

-"ਨੀ ਮੈਂ ਬਥ੍ਹੇਰੀ ਕਲਪੀ-ਪਰ ਕਾਹਨੂੰ ਥੜ੍ਹੇ-ਥੂਹ ਲੱਗਣ ਦਿੰਦੀ ਸੀ-ਨੀ ਭੈਣੇ ਅਸੀਂ ਤਾਂ ਜੁਆਕ ਵੀ ਜੰਮੇ ਸੀ-ਪੰਦਰਾਂ ਪੰਦਰਾਂ ਪਸ਼ੂਆਂ ਦਾ ਗੋਹਾ ਵੀ ਸਿੱਟਿਆ-ਤੇ ਨਾਲੇ ਪਕਾਉਂਦੇ ਸੀ ਪੂਰੇ ਪੰਜਾਹਾਂ ਜਾਣਿਆਂ ਦੀਆਂ ਰੋਟੀਆਂ-ਸਾਨੂੰ ਤਾਂ ਕੋਈ ਕੋਹੜ ਨਾ ਚੱਲਿਆ।" ਜੰਗੀਰੋ ਚੀਕ ਜਿਹੀ ਪਈ

-"ਨੀ ਹੁਣ ਉਹ ਖੁਰਾਕਾਂ ਕਿਤੇ ਰਹੀਐਂ? ਤੂੰ ਪੂਰਾ ਰਿੜਕਣਾਂ ਲੱਸੀ ਦਾ ਈ ਪੀ ਜਾਂਦੀ ਸੀ-ਤੇ ਅੱਜ ਦੀਆਂ ਨੂੰ ਕੌਲੀ ਦਹੀਂ ਦੀ ਹਜਮ ਨ੍ਹੀ ਆਉਂਦੀ।"

-"ਭੈਣੇ ਬਹੂ ਉਦਮੀ ਐਂ-ਰੱਬ ਤੰਦਰੁਸਤੀ ਦੇਵੇ ਬਿਚਾਰੀ ਨੂੰ।" ਪੰਜਾਬ ਕੌਰ ਨੇ ਕਿਹਾਉਸ ਦੀਆਂ ਗੰਧਲੀਆਂ ਅੱਖਾਂ ਵਿਚ ਦੁੱਖ ਅਤੇ ਨਿਰਾਸ਼ਾ ਛੁਪੀ ਹੋਈ ਸੀ

ਅਗਲੀ ਸ਼ਾਮ ਹਸਪਤਾਲੋਂ ਖ਼ਬਰ ਪਹੁੰਚ ਗਈ ਕਿ ਗਹਿਰੀ ਚੋਟ ਲੱਗਣ ਕਾਰਨ ਗਰਭ ਤਾਂ ਜਾਂਦਾ ਰਿਹਾਪਰ ਬਹੂ ਰੱਬ ਦੀ ਮਿਹਰ ਨਾਲ ਹੁਣ ਠੀਕ ਸੀਡਾਕਟਰ ਨੇ ਤਿੰਨ ਹਜ਼ਾਰ ਦਾ ਬਿੱਲ ਬਣਾ ਦਿੱਤਾ ਸੀਸੁਣ ਕੇ ਜੰਗੀਰੋ ਹੋਰ ਭੂਤਰ ਗਈ

ਜਦੋਂ ਸਾਡਾ ਜੁਆਕ ਈ ਨ੍ਹੀ ਰਿਹਾ-ਫੇਰ ਕੜਮੀਂ ਬਹੂ ਤੋਂ ਅਸੀਂ ਮੇਹੜ ਪੁਆਉਣੀ ਐਂ? ਸਾਡੇ ਕੋਲੇ ਹੈਨ੍ਹੀ ਪੈਸੇ ਪੂਸੇ! ਲਿਆਵੇ ਆਬਦੇ ਪੇਕਿਆਂ ਤੋਂ ਜਿਹਨਾਂ ਨੇ ਉਹ ਜੰਮੀ ਐਂ-ਸਾਡਾ ਨਿੱਤ ਦਾ ਠੇਕਾ ਨ੍ਹੀ ਲਿਆ-ਉਹ ਤਾਂ ਨਿੱਤ ਬਿਮਾਰ ਈ ਰਹਿੰਦੀ ਐ-ਬਿਮਾਰੀ ਦਾ ਘਰ-ਕਿਹੜਾ ਰੋਜ ਪੈਸੇ ਲਾਈ ਜਾਵੇ? ਕਿੱਥੇ ਲਹਿ ਜਾਣਿਆਂ ਨੇ ਬਿਮਾਰੀ ਮੱਥੇ ਮਾਰੀ ਸਾਡੇ!" ਜੰਗੀਰੋ ਬੜੀ ਪੱਥਰ ਦਿਲ ਬੁੜ੍ਹੀ ਸੀਪਹਿਲਾਂ ਉਸ ਨੇ ਆਪਣੀ ਸੱਸ ਅਜਿਹੀਆਂ ਘਤਿੱਤਾਂ ਕਰ-ਕਰ ਮਾਰੀ ਸੀ

----

ਸੁਨੇਹੇ ਵਾਲਾ ਵਾਪਿਸ ਮੁੜ ਗਿਆ

ਖ਼ੈਰ! ਬਹੂ ਦੇ ਪੇਕਿਆਂ ਨੇ ਸਾਰਾ ਹਸਪਤਾਲ ਦਾ ਖਰਚਾ ਦੇ ਦਿੱਤਾਦੋ ਮਹੀਨੇ ਪੇਕਿਆਂ ਤੋਂ ਆਉਣ ਨਾ ਦਿੱਤਾ

-"ਬੇਬੇ ਤੂੰ ਇਹ ਸਾਰਾ ਕੁਛ ਠੀਕ ਨ੍ਹੀ ਕੀਤਾ।" ਇਕ ਦਿਨ ਅੱਕਿਆ ਮੁੰਡਾ ਬਘਿਆੜ੍ਹੀ ਮਾਂ ਮੂਹਰੇ ਬੋਲ ਹੀ ਪਿਆਸ਼ਾਇਦ ਉਹ ਮਾਂ ਅੱਗੇ ਪਹਿਲੀ ਵਾਰ ਬੋਲਿਆ ਸੀ

-"ਵੇ ਜਾਹ ਵੇ ਪਰ੍ਹਾਂ ਜੱਭਲਾ ਜਿਆ! ਮੇਰਾ ਜੰਮਿਆਂ ਤੂੰ ਕੱਲ੍ਹ ਦੀ ਵਿਆਹੀ ਦੀ ਸੁੱਥਣ 'ਚ ਵੜੀ ਜਾਨੈਂ? ਖਾਖਾਂ ਪਾੜਦੂੰ ਖਾਖਾਂ-ਸਣੇ ਤੇਰੀ ਬਹੂ ਦੀਆਂ! ਜੇ ਬਾਹਲਾ ਔਖੈਂ ਤਾਂ ਚੱਕਲਾ ਹਿੱਸੇ ਬਹਿੰਦਾ ਸਮਾਨ ਤੇ ਅੱਡ ਹੋਜਾ! ਮੈਂ ਈ ਮਾੜੀ ਬਣਗੀ ਇਸ ਘਰ 'ਚ-ਬਾਕੀ ਸਾਰੇ ਦੁੱਧ ਧੋਤੇ ਐ-ਵੇ ਮੈਂ ਥੋਨੂੰ ਹਥਾਂ 'ਤੇ ਚੱਕਾਂ-ਤੇ ਤੂੰ ਮੈਨੂੰ ਆਹ ਦਾਤਨਾ ਦੇਤੀ?" ਬੁੜ੍ਹੀ ਮੁੰਡੇ ਨੂੰ ਭਰਿੰਡ ਵਾਂਗ ਪਈਪਰ ਸਿਆਣਾ ਮੁੰਡਾ ਚੁੱਪ ਕਰ ਗਿਆਉਹ ਜੱਗ ਤਮਾਸ਼ੇ ਤੋਂ ਕੁਝ ਜ਼ਿਆਦਾ ਹੀ ਡਰਦਾ ਸੀ

ਦਿਨ ਲੰਘਦੇ ਰਹੇਜੰਗੀਰੋ ਦਾ ਉਹੀ ਕੰਮ ਚੱਲਦਾ ਰਿਹਾਸੰਤੀ ਆਉਂਦੀ ਅਤੇ ਜੰਗੀਰੋ ਨੂੰ 'ਸੇਕ' ਦੇ ਜਾਂਦੀਉਹ ਜੰਗੀਰੋ ਦਾ ਤਾਪਮਾਨ ਘਟਣ ਨਹੀਂ ਦਿੰਦੀ ਸੀਹਰ ਰੋਜ ਨਵੀਂ ਹੀ ਸਕੀਮ ਦੱਸਦੀ ਸੀਕਿਤਨਾ ਸਿਦਕ ਸੀ ਸੰਤੀ ਵਿਚ!

ਠੰਢ ਦਾ ਮੌਸਮ ਉਤਰ ਆਇਆਠੰਢ ਵੀ ਕੀ ਸੀ? ਕਹਿਰਾਂ ਦੀ ਸਰਦੀ ਪੈਂਦੀ ਸੀਉਹ ਵੀ ਸੁੱਕੀ! ਹਰ ਬੱਚਾ, ਬੁੱਢਾ, ਜੁਆਨ ਹਰ ਵਕਤ ਨਲੀ ਸੁਣਕਦਾ ਰਹਿੰਦਾ ਸੀਨਿੱਘੀ ਰਜਾਈ ਵਿਚੋਂ ਰਾਤ ਨੂੰ ਜੰਗੀਰੋ ਪਿਸ਼ਾਬ ਕਰਨ ਉਠੀ ਤਾਂ ਠੱਕਾ ਵਗ ਰਿਹਾ ਸੀਗਰਮ ਸਰੀਰ ਵਿਚ ਠੰਢੀ ਸੀਤ ਹਵਾ ਵੱਜੀ ਤਾਂ ਬੁੜ੍ਹੀ ਸਾਰੀ ਦੀ ਸਾਰੀ ਹੀ ਜੁੜ ਗਈਉਸ ਦੀਆਂ ਲੱਤਾਂ ਬਾਂਹਾਂ ਟੁੱਟ ਰਹੀਆਂ ਸਨਸੰਘ ਬੈਠ ਗਿਆ ਸੀਛਾਤੀ ਜੁੜ ਕੇ ਮਾੜੇ ਟਰੱਕ ਵਾਂਗ 'ਘੈਂ-ਘੈਂ' ਕਰ ਰਹੀ ਸੀਸਾਹ ਕਿਸ਼ਤਾਂ 'ਤੇ ਹੀ ਆਉਂਦਾ ਸੀਨੱਕ ਵਿਚ ਸੀਂਢ ਬਰੇਕਾਂ ਲਾਈ ਬੈਠਾ ਸੀਪਿੱਠ ਪਟੜਾ ਬਣ ਗਈ ਸੀ

----

ਬੁੱਢੀ ਨੂੰ ਬਰਾਂਡੀ ਵਿਚ ਸ਼ਹਿਦ ਪਾ ਕੇ ਦਿੱਤਾ ਗਿਆਫਿਰ ਗਰਮ ਦੁੱਧ ਵਿਚ ਦੋ ਆਂਡੇ ਫੈਂਟ ਕੇ ਪਿਆਏਪਰ ਕੋਈ ਫ਼ਰਕ ਨਾ ਪਿਆਬੁੱਢੀ ਨੇ ਮੰਜੇ ਕੋਲ ਸੁਆਹ ਦਾ ਭਰਿਆ ਬੱਠਲ ਰਖਵਾ ਲਿਆਜਿਸ ਵਿਚ ਉਹ 'ਤੋਤੇ ਰੰਗੇ' ਘੰਗਾਰ ਤੋਲ-ਤੋਲ ਕੇ ਸੁੱਟ ਰਹੀ ਸੀਬਹੂ ਉਸ ਦੀ ਲਗਾਤਾਰ, ਦਿਲੋਂ ਸੇਵਾ ਕਰ ਰਹੀ ਸੀਪਰ ਜ਼ਿੱਦੀ ਬੁੜ੍ਹੀ ਬੁੱਢੇ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ

ਸੰਤੀ ਵੀ ਬੁੱਢੀ ਦੀ ਖ਼ਬਰ ਨੂੰ ਪਹੁੰਚ ਗਈ

-"ਨੀ ਤੂੰ ਹਿੰਗ ਲੈ ਕੇ ਦੇਖ!" ਸੰਤੀ ਨੇ ਅਕਲ ਅਨੁਸਾਰ ਇਲਾਜ ਦੱਸਿਆ, "ਹਿੰਗ ਨੇ ਤਾਂ ਸਾਡੀ ਝੋਟੀ ਆਥਣ ਨੂੰ ਰਾਜੀ ਕਰਤੀ ਸੀ।" ਸੰਤੀ ਨੇ ਪ੍ਰਮਾਣ ਦਿੱਤਾਅਜੇ ਸ਼ੁਕਰ ਹੈ ਉਸ ਨੇ 'ਸਲੋਤਰੀ' ਬੁਲਾਉਣ ਲਈ ਨਹੀਂ ਆਖ ਦਿੱਤਾ!

-"ਅੰਮਾਂ ਜੀ ਸਾਰਾ ਕੁਛ ਕਰਕੇ ਦੇਖ ਲਿਆ-ਨਪੁੱਤੇ ਦਾ 'ਰਾਮ ਈ ਨ੍ਹੀ ਆਉਂਦਾ।" ਜੰਗੀਰੋ ਨੱਕ 'ਚੋਂ 'ਭੱਗ-ਭੱਗ' ਜਿਹਾ ਕਰਕੇ ਬੋਲੀ

-"ਤੇ ਕੋਈ ਡਾਕਦਾਰ ਤੋਂ ਗੋਲੀ ਗੱਪਾ ਲੈ ਲੈਣਾ ਸੀ?"

-"ਇਹ ਵੀ ਕਰ ਕੇ ਦੇਖ ਲੈਨੀਂ ਆਂ।" ਜੰਗੀਰੋ ਕਾਫ਼ੀ ਤੰਗ ਸੀਗੁਆਂਢੀਆਂ ਦਾ ਜੁਆਕ ਭੇਜ ਕੇ ਡਾਕਟਰ ਬੁਲਾਇਆ ਗਿਆਡਾਕਟਰ ਵੀ ਕਾਹਦਾ ਸੀ? ਉਸ ਨੇ ਦੋ ਕੁ ਮਹੀਨੇ ਸ਼ਹਿਰ ਕਿਸੇ ਡਾਕਟਰ ਕੋਲ ਲਾਏ ਸਨਫਿਰ ਉਥੇ ਉਸ ਨੇ ਕੋਈ ਕੁੜੀ-ਕੱਤਰੀ ਨਾਲ ਪੰਗਾ ਲੈ ਲਿਆਜਿਸ ਕਰਕੇ ਡਾਕਟਰ ਨੇ ਕਲੀਨਿਕ ਵਿਚੋਂ ਦਫ਼ਾ ਕਰ ਦਿੱਤਾ ਸੀਗੋਲੀ-ਗੱਟੇ ਦੀ ਮਾੜੀ ਮੋਟੀ ਸੂੰਹ ਆ ਗਈ ਸੀ, ਜਿਸ ਕਰਕੇ ਉਸ ਨੇ ਪਿੰਡ ਆ ਕੇ ਦੁਕਾਨ ਕਰ ਲਈ ਸੀ

----

ਡਾਕਟਰ ਨੇ ਬੁੱਢੀ ਨੂੰ ਟੂਟੀ ਜਿਹੀ ਲਾ ਕੇ ਦੇਖੀਫਿਰ ਥਰਮਾਮੀਟਰ ਲਾਇਆਫਿਰ ਬੁੱਢੀ ਦੀ ਨਬਜ਼ ਅਤੇ ਆਪਣੀ ਘੜ੍ਹੀ ਪੜ੍ਹੀ

-"ਤੁਸੀਂ ਲੋਕ ਬਿਮਾਰੀ ਵਧੀ ਤੋਂ ਚੀਕਾਂ ਮਾਰਦੇ ਓਂ-ਪਹਿਲਾਂ ਗੌਰ ਨ੍ਹੀ ਕਰਦੇ।" ਉਸ ਨੇ ਸੁਲਝੇ ਡਾਕਟਰਾਂ ਵਾਲਾ 'ਛੁਰਲ੍ਹਾ' ਛੱਡ ਕੇ ਬੁੜ੍ਹੀ 'ਤੇ ਰੋਅਬ ਜਿਹਾ ਖਿਲਾਰਿਆ

-"ਵੇ ਪੁੱਤ! ਤੈਨੂੰ ਪਤਾ ਈ ਐ ਘਰਾਂ ਦਾ।" ਬੁੜ੍ਹੀ ਨੇ ਆਪਣੀ ਗਲਤੀ ਜਿਹੀ ਮੰਨੀ ਅਤੇ ਖੰਘ ਕੇ ਥੁੱਕਣ ਦਾ ਦਿਖਾਵਾ ਜਿਹਾ ਕੀਤਾ

-"ਮਾਈ ਪਹਿਲਾਂ ਸਰੀਰ ਫੇਰ ਘਰ-ਜੇ ਸਿਹਤ ਈ ਠੀਕ ਨਹੀਂ ਤਾਂ ਘਰ ਕਿਹੜਾ ਸਿਰ 'ਤੇ ਚੱਕ ਕੇ ਲੈ ਜਾਣੈਂ?" ਦੋ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਡਾਕਟਰ ਨੇ ਬੁੱਢੀ ਨੂੰ ਸੱਪ ਵਾਂਗ ਕੀਲ ਜਿਹਾ ਲਿਆਉਸ ਨੇ ਦੋ ਗੋਲੀਆਂ ਪਾਣੀ ਵਿਚ ਘੋਲ ਕੇ ਬੁੜ੍ਹੀ ਨੂੰ ਪਿਆਈਆਂ ਅਤੇ ਇਕ ਟੀਕਾ ਲਾਇਆਮਾੜੀ ਕਿਸਮਤ ਸੀ ਜੰਗੀਰੋ ਦੀ ਕਿ ਟੀਕਾ 'ਰੀ-ਐਕਸ਼ਨ' ਕਰ ਗਿਆ! ਉਸ ਨੇ ਪਿੰਡਾ ਖੁਰਕਣਾ ਛੱਡ ਵੱਢਣਾਂ ਸ਼ੁਰੂ ਕਰ ਦਿੱਤਾਸਰੀਰ ਭੜ੍ਹੋਲੇ ਵਾਂਗ ਸੁੱਜ ਗਿਆਉਸ ਨੂੰ ਸਾਹ ਘੁੱਟ-ਘੁੱਟ ਕੇ ਆਉਣ ਲੱਗ ਪਿਆਦਿਲ ਦੀ ਧੜਕਣ ਬੰਦ ਹੁੰਦੀ ਲੱਗਦੀ ਸੀਡਾਕਟਰ ਭਮੱਤਰਿਆ ਖੜ੍ਹਾ ਕੰਬੀ ਜਾ ਰਿਹਾ ਸੀਕੁਝ ਸੁੱਝ ਨਹੀਂ ਰਿਹਾ ਸੀਸੰਘ ਖੁਸ਼ਕ ਹੋ ਗਿਆ ਸੀਚਿਹਰਾ ਬੱਗਾ ਅਤੇ ਜ਼ੁਬਾਨ ਸੁੱਕ ਗਈ ਸੀ

-"ਇਹਨੂੰ ਸ਼ਹਿਰ ਵੱਡੇ ਹਸਪਤਾਲ ਲੈ ਜਾਓ-ਨਹੀਂ ਤਾਂ ਮਰਜੂਗੀ!" ਕਹਿੰਦਾ ਡਾਕਟਰ ਆਪਣਾ ਝੋਲਾ ਜਿਹਾ ਚੁੱਕ ਕੇ ਭੱਜ ਗਿਆ

ਦੇਰ ਨ੍ਹੇਰ ਸੀਬੁੱਢੀ ਤਾਂ ਅੱਖਾਂ ਫੇਰ ਚੱਲੀ ਸੀਸਾਰਾ ਮੂੰਹ ਸਿਰ ਸੁੱਜ ਕੇ ਇੱਕੋ ਹੀ ਬਣ ਗਿਆ ਸੀਕੰਨ ਗੁਲਗਲੇ ਵਰਗੇ ਬਣ ਗਏ ਸਨਉਹ ਲਗਾਤਾਰ ਖੁਰਕ ਰਹੀ ਸੀਚੀਕ-ਚਿਹਾੜਾ ਪਾ ਰਹੀ ਸੀਮੱਝ ਦੇ ਮੱਖ ਲੜਨ ਵਾਂਗ ਛੜਾਂ ਜਿਹੀਆਂ ਮਾਰ ਰਹੀ ਸੀ

----

ਪੰਚਾਇਤ ਦੀ ਸਾਂਝੀ ਕਾਰ ਲਿਆਂਦੀ ਗਈਬੋਹੜ ਦੇ ਮੁੱਛ ਵਰਗੀ ਬੁੱਢੀ ਨੂੰ ਕਾਰ ਵਿਚ ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆਡਾਕਟਰਾਂ ਨੇ ਬੁੱਢੀ ਨੂੰ ਸੰਭਾਲਿਆਟੀਕੇ ਲਾਏਗੋਲੀਆਂ ਦਿੱਤੀਆਂਦੁਆਈ ਪਿਆਈਘੰਟੇ ਕੁ ਬਾਅਦ ਬੁੱਢੀ ਨੂੰ ਸ਼ਾਂਤੀ ਜਿਹੀ ਆ ਗਈਤਾਜ਼ੀ ਸੂਅ ਕੇ ਹਟੀ ਮੱਝ ਵਾਂਗ ਨਿਢਾਲ ਜਿਹੀ ਹੋ ਗਈ ਸੀਉਸ ਨੂੰ ਮੱਲੋਮੱਲੀ ਨੀਂਦ ਆ ਰਹੀ ਸੀਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸੌਂ ਨਹੀਂ ਸੀ ਸਕਦੀਸੌਣ ਨਾਲ ਦਿਲ ਦੀ ਹਰਕਤ ਕਦੇ ਵੀ ਬੰਦ ਹੋ ਸਕਦੀ ਸੀ ਅਤੇ ਬੁੱਢੀ ਦਾ ਗੁੱਗਾ ਪੂਜਿਆ ਜਾਣਾ ਸੀ

ਖ਼ੈਰ! ਰੱਬ ਬੁੱਢੀ 'ਤੇ ਮਿਹਰਵਾਨ ਹੋਇਆ ਅਤੇ ਉਹ ਤੀਜੇ ਦਿਨ ਟੱਲੀ ਵਰਗੀ ਹੋ ਕੇ ਘਰੇ ਆ ਗਈਸੰਤੀ ਕੂਕਣ ਨੇ ਫਿਰ ਚੱਕਰ ਮਾਰਿਆਬਹੂ ਨੂੰ ਚੱਕਰ ਆਇਆ! ਉਸ ਦਾ ਦਿਲ ਕੰਬਿਆ ਕਿ ਕੋਈ ਪੁਆੜਾ ਫਿਰ ਪੈਣ ਵਾਲਾ ਸੀਕੋਈ ਨਵਾਂ ਭਾਣਾ ਵਰਤਣ ਵਾਲਾ ਸੀਸੁੱਖ ਨਹੀਂ ਸੀ!

-"ਕੀ ਬਿਪਤਾ ਆ ਪਈ ਸੀ ਰੱਬ ਨੇ ਹੱਥ ਦੇ ਕੇ ਰੱਖੀਂ ਐਂ-ਸ਼ੁਕਰ ਕਰ!" ਸੰਤੀ ਨੇ ਹਮਦਰਦੀ ਪ੍ਰਗਟਾਈਚੁੱਪ ਰਹਿਣਾ ਉਸ ਲਈ ਅਸੰਭਵ ਸੀ

-"ਤੇ ਹੋਰ ਅੰਮਾਂ ਜੀ-ਔਤਾਂ ਦੇ ਨੇ ਜਾਹ ਜਾਂਦੀ ਕਰ ਦੇਣੀ ਸੀ।" ਜੰਗੀਰੋ ਅੰਦਰੋਂ ਹਿੱਲੀਉਸ ਨੂੰ ਡਾਕਟਰ 'ਹੋਣੀਂ' ਜਾਪਿਆ ਸੀ

-"ਨੀ ਇਹੋ ਡਾਕਦਾਰ ਲੋਕਾਂ ਦਾ ਵੀ 'ਲਾਜ ਕਰਦਾ ਈਐ-ਤੇ ਫੇਰ ਤੇਰੇ 'ਤੇ ਆ ਕੇ ਈ ਆਹ ਘਾਣੀਂ ਬੀਤਣੀ ਸੀ? ਮੈਨੂੰ ਤਾਂ ਦਾਲ 'ਚ ਕੁਛ ਕਾਲਾ ਲੱਗਦੈ।" ਪਿਛਲੀ ਗੱਲ ਸੰਤੀ ਨੇ ਟਿਕਾਅ ਕੇ ਜਿਹੇ ਕਹੀ

-"ਕੀ ਅੰਮਾਂ ਜੀ?"

-"ਮੈਨੂੰ ਤਾਂ ਹੋਰ ਸ਼ੱਕ ਐ ਬਈ ਤੇਰੀ ਨੂੰਹ ਨੇ ਤੈਨੂੰ ਕੁਛ ਕਰਵਾਤਾ-ਐਹੋ ਜੀਆਂ ਫਫੇਕੁੱਟ ਧਾਗਿਆਂ ਤਬੀਤਾਂ ' ਬਾਹਲਾ ਪਈਆਂ ਹੁੰਦੀਐਂ।" ਸੰਤੀ ਬਰਾਬਰ ਜੰਗੀਰੋ ਦੇ ਚਿਹਰੇ ਨੂੰ ਨਿਹਾਰ ਰਹੀ ਸੀ

-"ਚੱਲ ਕੱਲ੍ਹ ਨੂੰ ਤੈਨੂੰ ਰੋਡੇ ਸਾਧ ਕੋਲੇ ਲੈ ਕੇ ਚੱਲਾਂ-ਭੈਣੇਂ ਆਪਾਂ ਨੂੰ ਤਾਂ ਆਉਂਦੈ ਤੇਰਾ ਦੁੱਖ-ਮੈਨੂੰ ਤਾਂ ਤਿੰਨ ਦਿਨ ਰੋਟੀ ਨੀ ਸੁਆਦ ਲੱਗੀ-ਤੇਰੇ ਘਰ ਵੱਲੀਂ ਦੇਖਣ ਨੂੰ ਚਿੱਤ ਨਾ ਕਰੇ-ਸੋਚੀ ਜਾਵਾਂ-ਖਬਰੇ ਘਰੇ ਮੁੜੇਂਗੀ-ਖਬਰੇ ਨਹੀਂ!" ਗੱਲਾਂ ਗੱਲਾਂ ਵਿਚ ਸੰਤੀ ਨੇ ਜੰਗੀਰੋ ਨੂੰ ਇਕ ਤਰ੍ਹਾਂ ਨਾਲ ਨਹਿਬ ਲਿਆ ਸੀ, ਨਰੜ ਲਿਆ ਸੀ

----

ਅਗਲੀ ਸਵੇਰ ਹੀ ਦੋਵੇਂ ਰੋਡੇ ਸਾਧ ਦੇ ਡੇਰੇ ਜਾ ਵੜੀਆਂਇਸ ਸਾਧ ਦੀਆਂ ਲੋਕ ਕਾਫ਼ੀ ਸਿਫ਼ਤਾਂ ਕਰਦੇ ਸਨਸੁਣਿਆਂ ਸੀ ਉਹ ਸਰਦੀਆਂ ਵਿਚ ਜਲਧਾਰਾ ਕਰਦਾ ਸੀ ਅਤੇ ਗਰਮੀਆਂ ਵਿਚ ਧੂੰਣਾ ਤਾਪਦਾ ਸੀਫਿਰ ਸਵਾ ਮਹੀਨਾ ਇਕ ਲੱਤ 'ਤੇ ਖੜ੍ਹਦਾ ਸੀਬੜਾ ਕਰਨੀ ਵਾਲਾ ਸਾਧ ਸੀ

ਰੋਡਾ ਸਾਧ ਹਲਟੀ ਤੋਂ ਇਸ਼ਨਾਨ ਕਰ ਕੇ ਹਟਿਆ ਸੀਉਹ ਆਪਣੇ ਸਾਰੇ ਸਰੀਰ 'ਤੇ ਵਾਲ ਨਹੀਂ ਛੱਡਦਾ ਸੀਜਿਸ ਕਰ ਕੇ ਉਸ ਦਾ ਨਾਂ 'ਰੋਡਾ ਸਾਧ' ਪਿਆ ਹੋਇਆ ਸੀ

ਦੋਹਾਂ ਨੇ ਬਾਬੇ ਦੇ ਚਰਨੀਂ ਹੱਥ ਲਾਏਬਾਬੇ ਨੇ ਆਸ਼ੀਰਵਾਦ ਦਿੱਤਾਜੰਗੀਰੋ ਭੁੱਬੀਂ ਰੋ ਪਈ

-"ਸਭ ਮਾਲੁਮ ਹੈ ਹਮੇਂ-ਸਭ ਮਾਲੁਮ ਹੈ! ਰੋਨਾ ਬੰਦ ਕਰੀਏ-ਰੋਨਾ ਪਸੰਦ ਨਹੀਂ ਹੈ ਹਮੇਂ--!" ਸਾਧ ਨੇ ਚਿਲਮ 'ਚੋਂ ਸੂਟਾ ਮਾਰਿਆ

ਜੰਗੀਰੋ ਹੈਰਾਨ ਹੋਈ ਕਿ ਬਾਬੇ ਤਾਂ ਜਾਣੀਜਾਣ, ਪਹੁੰਚੇ ਹੋਏ ਹਨਪਰ ਫਿਰ ਵੀ ਉਸ ਨੇ ਸੰਖੇਪ ਦੁੱਖ ਸੁਣਾਇਆ

-"ਹੂੰ---!" ਕਹਿ ਕੇ ਉਸ ਨੇ ਜੰਗੀਰੋ ਦੇ ਚਿਹਰੇ 'ਤੇ ਫ਼ੂਕ ਮਾਰੀਹੱਥ ਹਵਾ ਵਿਚ ਲਹਿਰਾਇਆ, ਅੱਖਾਂ ਬੰਦ ਕਰ ਲਈਆਂਸਾਧ ਕਿੱਲੇ ਵਾਂਗ ਆਕੜ ਗਿਆ ਸੀ!

-"ਰਵੀਵਾਰ ਕੋ ਤੁਮਹਾਰੀ ਬਹੂ ਨੇ ਤੁਮਹੇਂ ਦੂਧ ਮੇਂ ਤਬੀਤ ਘੋਲ ਕਰ ਪਿਲਾਏ ਹੈਂ-ਤਬੀਤ ਬਹੁਤ ਖ਼ਤਰਨਾਕ ਥੇ-ਯੇਹ ਏਕ ਮੁਸਲਮਾਨ ਕਾ ਪ੍ਰੇਤ ਥਾ-ਲੇਕਿਨ ਤੁਮ ਹਮਾਰੀ ਜੂਹ ਮੇਂ ਵਸਤੀ ਹੈਂ-ਇਸ ਲੀਏ ਤੁਮ ਬਚ ਗਈ-ਤੁਮ ਹਮਾਰੇ ਭਗਤ ਹੈਂ-ਆਜ ਸੇ ਕੋਈ ਭੀ ਐਸੀ ਵੈਸੀ ਵਸਤੂ ਤੁਮਹੇਂ ਪ੍ਰੇਸ਼ਾਨ ਨਹੀਂ ਕਰੇਗੀ-ਕੁਸ਼ਲ ਵਸੀਏ-ਪ੍ਰੀਵਾਰ ਮੇਂ ਖੁਸ਼ਹਾਲੀ ਆ ਜਾਏਗੀ-ਬਹੂ ਸੇ ਸਾਵਧਾਨ ਰਹਿਨਾ ਔਰ ਸੰਗਰਾਂਦ ਕੋ ਏਕ ਸੌ ਏਕ ਰੁਪਏ ਔਰ ਸਾਮੱਗਰੀ ਲੇਕਰ ਆ ਜਾਨਾ-ਹਵਨ ਕਰੇਂਗੇ।" ਸਾਧ ਥਾਪੀਆਂ ਮਾਰ ਰਿਹਾ ਸੀਸੂਟੇ ਮਾਰ ਮਾਰ ਉਸ ਨੇ ਚਿਲਮ ਦਾ ਧੂੰਆਂ ਰੋਲ ਕਰ ਦਿੱਤਾ ਅਤੇ ਫਿਰ ਉਸ ਨੂੰ ਹੱਥੂ ਆ ਗਿਆ

ਦੋਨਾਂ ਨੇ ਮੱਥਾ ਟੇਕਿਆ ਅਤੇ ਵਾਪਿਸ ਪਰਤ ਆਈਆਂ

-"ਕਿਉਂ? ਮੈਂ ਕੀ ਕਿਹਾ ਸੀ ਜੰਗੀਰੋ?" ਸੰਤੀ ਨੇ ਆਪਣੀ ਜਿੱਤ ਦੀ ਵਡਿਆਈ ਜਿਹੀ ਕੀਤੀ

ਜੰਗੀਰੋ ਗੁੱਸੇ ਵਿਚ ਜਲੀ ਪਈ ਸੀ

-"ਅੱਜ ਕੱਲ੍ਹ ਦੀਆਂ ਨ੍ਹੀ ਕਰਦੀਆਂ ਸੇਵਾ! ਉਹ ਤਾਂ ਆਪਾਂ ਈ ਸੀ ਜਿਹੜੀਆਂ ਅੜਬ ਸੱਸਾਂ ਨਾਲ ਵੀ ਕੱਟ ਗਈਆਂ-ਕੀ ਕਲਯੁੱਗ ਆ ਗਿਆ ਭੈਣੇਂ-ਲੋਹੜਾ!" ਸਾਰੇ ਰਾਹ ਹੀ ਸੰਤੀ ਉਸ ਨੂੰ ਫ਼ੂਕ ਭਰਦੀ ਆਈ

----

ਬਹੂ ਨੂੰ ਫਿਰ ਬਾਲ-ਬੱਚਾ ਹੋਣ ਵਾਲਾ ਸੀਤੀਜਾ ਮਹੀਨਾ ਸੀਉਹ ਰਸੋਈ ਵਿਚ ਕੋਈ ਚੱਕਣ-ਧਰਨ ਕਰ ਰਹੀ ਸੀਗੁੱਸੇ ਨਾਲ ਦਧਨ, ਭੂਤਰੀ ਜੰਗੀਰੋ ਅੰਦਰ ਆਈਪੂਰੇ ਕਰੋਧ ਅਤੇ ਜੋਰ ਨਾਲ ਉਸ ਨੇ ਘੋਟਣਾ ਚੁੱਕ ਕੇ ਬਹੂ ਦੇ ਸਿਰ ਵਿਚ ਮਾਰਿਆਬਹੂ ਦੇ ਹੋਸ਼ ਪਹਿਲੀ ਸੱਟ ਨਾਲ ਹੀ ਉੱਡ ਗਏਉਹ ਕਿਸੇ ਪੱਥਰ ਵਾਂਗ ਧਰਤੀ 'ਤੇ ਵਿਛ ਗਈ ਸੀਪਈ ਬਹੂ ਦੇ ਕਈ ਵਾਰ ਜੰਗੀਰੋ ਨੇ ਹੋਰ ਕੀਤੇਪਰ ਉਸ ਦੇ ਮੂੰਹੋਂ 'ਹਾਏ' ਵੀ ਨਾ ਨਿਕਲੀਸ਼ਾਇਦ ਮਰ ਗਈ ਸੀਸਿਰ 'ਚੋਂ ਲਹੂ ਦਾ ਖਾਲ ਤੁਰ ਪਿਆ ਸੀ

ਸੰਤੀ ਨੇ ਦੁਹਾਈ ਦਿੱਤੀ

ਪਿੰਡ ਇਕੱਠਾ ਹੋ ਗਿਆ

ਬਹੂ ਸੱਚ ਹੀ ਮਰ ਚੁੱਕੀ ਸੀਕਿਸੇ ਦੀ ਖਬਰ 'ਤੇ ਪੁਲੀਸ ਪੁੱਜ ਗਈਲਾਸ਼ ਕਬਜ਼ੇ ਵਿਚ ਕਰ ਲਈ ਗਈਮੁੰਡੇ ਅਤੇ ਜੰਗੀਰੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆਪੁੱਛ-ਦੱਸ ਤੋਂ ਬਾਅਦ ਮੁੰਡੇ ਦਾ ਤਾਂ ਰੱਸਾ ਲਾਹ ਦਿੱਤਾਪਰ ਜੰਗੀਰੋ ਨੂੰ ਹੱਥਕੜੀ ਲਾ ਕੇ ਧਰਮਸਾਲਾ ਵਿਚ ਬਿਠਾ ਲਿਆ

-"ਨੂੰਹਾਂ ਸੱਸਾਂ ਲੜਦੀਆਂ ਤਾਂ ਸੁਣੀਆਂ ਸੀ-ਪਰ ਆਹ ਅਨਰਥ ਨ੍ਹੀ ਸੁਣਿਆਂ-ਹਾਏ ਹਾਏ ਨੀ ਕਲਜੋਗਣੇਂ! ਤੈਨੂੰ ਸੋਨੇ ਅਰਗੀ ਸਾਊ ਨੂੰਹ ਮਾਰਦੀ ਨੂੰ ਤਰਸ ਨਾ ਆਇਆ? ਪਰ ਕਾਹਨੂੰ ਭਾਈ-ਕਲਯੁਗ ਐ ਕਲਯੁਗ!" ਸੰਤੀ ਜੰਗੀਰੋ ਦੇ ਮੂੰਹ 'ਚ ਹੱਥ ਦੇਣ ਤੱਕ ਜਾਂਦੀ ਸੀ

-"ਠਾਣੇਦਾਰਾ-ਜੇ ਤੂੰ ਮੇਰਾ ਧਰਮ ਦਾ ਪੁੱਤ ਐਂ ਤਾਂ ਏਸ ਕਲਜੋਗਣ ਨੂੰ ਫਾਹਾ ਲੁਆ ਦੇਹ!" ਸੰਤੀ ਨੇ ਕਿਹਾ

----

ਜੰਗੀਰੋ ਮੁਤਰ-ਮੁਤਰ, ਮਜੌਰਾਂ ਦੀ ਮਾਂ ਵਾਂਗ ਸੰਤੀ ਵੱਲ ਘੋਰ ਹੈਰਾਨ ਤੱਕ ਰਹੀ ਸੀਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹਮੇਸ਼ਾ ਉਸ ਦੀ ਮੱਦਦਗਾਰ ਰਹੀ ਸੰਤੀ ਅੱਜ ਕੀ ਬੱਕੜਵਾਹ ਕਰ ਰਹੀ ਸੀ?

-"ਰਿਸ਼ਤਿਆਂ 'ਚ ਭਾਨੀ ਮਾਰਨ ਵਾਲਿਆਂ ਤੇ ਲਾਈਲੱਗਾਂ ਨਾਲ ਇਉਂ ਈ ਹੁੰਦੀ ਐ!" ਸੰਤੀ ਨੇ ਜੰਗੀਰੋ ਦੇ ਕਾਫ਼ੀ ਨਜ਼ਦੀਕ ਹੋ ਕੇ ਕੰਨ 'ਚ ਕਿਹਾ ਤਾਂ ਜੰਗੀਰੋ ਦੇ ਕੰਨ 'ਪਟੱਕ' ਦੇਣੇ ਖੁੱਲ੍ਹ ਗਏਅਸਲ ਵਿਚ ਜੰਗੀਰੋ ਨੇ ਸੰਤੀ ਦੇ ਭਤੀਜੇ ਦੇ ਸਾਕ 'ਚ ਭਾਨੀ ਮਾਰੀ ਸੀਰਿਸ਼ਤਾ ਨਹੀਂ ਹੋਣ ਦਿੱਤਾ ਸੀਪਰ ਸੰਤੀ ਚੁੱਪ ਕਰ ਗਈ ਸੀਉਸ ਨੇ ਜ਼ਾਹਿਰ ਨਾ ਹੋਣ ਦਿੱਤਾ, ਪਰ ਬਦਲਾ ਲੈਣ ਦੀ ਠਾਣ ਲਈ ਸੀ

ਸੰਤੀ 'ਬਾਖਰੂ-ਬਾਖਰੂ' ਕਰਦੀ ਘਰ ਨੂੰ ਜਾ ਰਹੀ ਸੀਜੰਗੀਰੋ ਅੱਡੀਆਂ ਅੱਖਾਂ ਨਾਲ ਜਾਂਦੀ ਸੰਤੀ ਨੂੰ ਤੱਕ ਰਹੀ ਸੀ!

Monday, April 13, 2009

ਖਾਲਸੇ ਦੇ ਸਿਰਜਣਾ ਦਿਵਸ ਅਤੇ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ


Sunday, March 1, 2009

ਅੱਜ ਦੇ ਧਰਮਰਾਜ - ਕਹਾਣੀ

ਅੱਜ ਦੇ ਧਰਮਰਾਜ

ਜਦੋਂ ਦੇ ਪੰਜਾਬ ਦੇ ਹਾਲਾਤ ਕੁਝ ਸੁਧਰੇ ਸਨ, ਸੱਥਾਂ ਅਤੇ ਖੁੰਢਾਂ ਦੀ ਰੌਣਕ ਮੁੜ ਪਰਤ ਆਈ ਸੀਢਾਣੀਆਂ ਫਿਰ ਜੁੜ ਕੇ ਬੈਠਣ ਲੱਗ ਪਈਆਂ ਸਨਪਰ ਜੋ ਤਕਰੀਬਨ ਇਕ ਦਹਾਕੇ ਤੋਂ ਵੀ ਵੱਧ ਸੰਤਾਪ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਇਆ ਸੀ, ਉਸ ਦੀ ਗੱਲ ਵੀ ਕਦੇ ਨਾ ਕਦੇ ਜ਼ਰੂਰ ਤੁਰ ਪੈਂਦੀਪਰ ਪਹਿਲਾਂ ਵਾਲਾ ਮਿਲਵਰਤਣ ਲੋਕਾਂ ਵਿਚ ਰਹਿ ਨਹੀਂ ਗਿਆ ਸੀਕਦੇ-ਕਦੇ ਗੱਲ ਖਹਿਬੜਬਾਜ਼ੀ ਤੱਕ ਵੀ ਪੁੱਜ ਜਾਂਦੀਖਾਸ ਕਰਕੇ ਕਾਮਰੇਡ ਸੁੱਚਾ ਸਿੰਘ ਕਿਸੇ ਇਕੱਲੇ-ਦੁਕੱਲੇ ਸਿੱਖ ਗੱਭਰੂ ਨੂੰ ਢਾਣੀ ਵਿਚ ਦੇਖ ਕੇ ਸਿੰਗੜੀ ਛੇੜਨੋਂ ਬਾਜ਼ ਨਾ ਆਉਂਦਾ

-"ਲੈ ਬਈ ਹੁਣ ਪੰਜਾਬ 'ਚ ਪੂਰੀ ਅਮਨ ਸ਼ਾਂਤੀ ਐ-ਜਾਣੀਂ ਦੀ ਮਸਾਂ ਈ ਸੁਖ ਦਾ ਸਾਹ ਆਇਐ।"

-"ਕਿੰਨਾਂ ਕੁ ਚਿਰ---?" ਕੋਈ ਤੱਤੇ ਸੁਭਾਅ ਵਾਲਾ ਗੱਭਰੂ ਬੋਲਣੋ ਨਾ ਰਹਿ ਸਕਦਾਕਾਮਰੇਡ ਦੀ ਰੜਕਵੀਂ ਗੱਲ ਫ਼ੱਟ 'ਤੇ ਮਿਰਚਾਂ ਵਾਂਗ ਲੱਗਦੀ

-"ਐਨਾਂ ਤਾਂ ਮੈਨੂੰ ਪਤਾ ਨ੍ਹੀ-ਇਕ ਆਰੀ ਤਾਂ ਓਸ ਗੱਲ ਦੇ ਆਖਣ ਮਾਂਗੂੰ ਜੜਤੇ ਕੋਕੇ!"

-"ਕਦੇ ਲਹਿਰਾਂ ਵੀ ਖਤਮ ਹੋਈਐਂ? ਉਤਰਾਅ-ਚੜ੍ਹਾਅ ਤਾਂ ਆਉਂਦੇ ਈ ਰਹਿੰਦੇ ਐ-ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ।"

-"ਤੂੰ ਦੱਸ ਬਈ? ਤੂੰ ਦਾਦੇ 'ਚ ਐਂ ਕਿ ਪੋਤੇ 'ਚ ਐਂ? ਐਥੇ ਬੈਠ ਕੇ ਜਾਭਾਂ ਮਾਰਨ ਜੋਗੈਂ-ਜਾਂ ਤਾਂ ਚੱਕ ਏ ਕੇ ਸੰਤਾਲੀ-ਫੇਰ ਦੇਖੀਏ ਤੇਰਾ ਵੀ ਦਿਲ।" ਕਾਮਰੇਡ ਲੂਤੀ ਲਾਈ ਰੱਖਦਾ

-"ਤੇ ਥੋਥੋਂ ਜਾਭਾਂ ਦਾ ਭੇੜ੍ਹ ਵੀ ਨਾ ਹੋਇਆ? ਉਦੋਂ ਤਾਂ ਤੀਮੀਆਂ ਦੀਆਂ ਤੰਬੀਆਂ 'ਚ ਲੁਕੇ ਰਹਿੰਦੇ ਸੀ-ਜਦੋਂ ਥੋਡਾ ਪਤੰਦਰ ਜਿਉਂਦਾ ਸੀ ਤੇ ਹਿੱਟ ਲਿਸਟਾਂ ਬਣਦੀਆਂ ਸੀ? ਉਦੋਂ ਤਾਂ ਸਾਲਿਓ ਟੌਲੈਟਾਂ ਵੀ ਘਰੇ ਈ ਪੱਟਵਾ ਲਈਆਂ ਸੀ-ਉਦੋਂ ਖੜ੍ਹਦੇ ਖਾਂ ਪਿਉ ਮੂਹਰੇ-ਹੁਣ ਮਰੇ ਤੋਂ ਸ਼ੇਰ ਬਣਦੇ ਓਂ?"

-"ਜਰੂਰੀ ਨਹੀਂ ਬਈ ਗੋਲੀ ਦਾ ਜਵਾਬ ਗੋਲੀ ਨਾਲ ਦਿੰਦੇ-ਲੋਕ ਨਾਲ ਤੋਰੇ ਬਿਨਾਂ ਕੋਈ ਲਹਿਰ ਸਿਰੇ ਲੱਗੀ ਐ?" ਕਾਮਰੇਡ ਆਖਦਾ

-"ਤੇ ਤੁਸੀਂ ਤਾਂ ਰਾਜ ਲਈ ਬੈਠੇ ਐਂ? ਥੋਡੇ ਕੋਲੋਂ ਬਣਿਆਂ ਬਣਾਇਆ ਰੂਸ ਨ੍ਹੀ ਰੱਖਿਆ ਗਿਆ-ਸਾਰਾ ਈ ਖੱਖੜੀਏਂ ਕਰਵਾ ਲਿਆ।"

-"ਤੇ ਤੁਸੀਂ ਤਾਂ ਖ਼ਾਲਿਸਤਾਨ ਲੈ ਲਿਆ ਹੋਊ?" ਕਾਮਰੇਡ ਘਰੋੜਵੀਂ ਗੱਲ ਆਖਣੋਂ ਨਾ ਰਹਿ ਸਕਦਾਗੱਲ ਐਸੀ ਵਿਗੜਦੀ ਕਿ ਸਾਰਾ ਆਂਢ-ਗੁਆਂਢ ਇਕੱਠਾ ਹੋ ਜਾਂਦਾ

-"ਕੀ ਗੱਲ ਐ ਬਈ ਜੁਆਨੋ - ਰੌਲਾ ਕਰਦੇ ਓਂ?" ਮੱਲ, ਜਿਹਨਾਂ ਦੇ ਦਰਵਾਜੇ ਅੱਗੇ ਖੁੰਢ ਸੀ, ਰੌਲਾ ਸੁਣ ਕੇ ਬਾਹਰ ਆ ਜਾਂਦਾ

-"ਕੁਛ ਨ੍ਹੀ ਤਾਇਆ ਜੀ-ਆਹ ਕਾਮਰੇਟ ਈ ਹਮੇਸ਼ਾ ਵੱਢਵੀਂ ਕਰਦੈ।"

-"ਕਿਉਂ ਉਏ ਸੁੱਚਿਆ? 'ਕੱਲਾ ਕਹਿਰਾ ਦੇਖ ਕੇ ਪੰਗਾ ਲੈ ਲੈਨੈਂ-ਤੇ ਜਦੋਂ ਦੋ-ਚਾਰ 'ਕੱਠੇ ਹੋ ਜਾਂਦੇ ਐ-ਫੇਰ ਚੱਡਿਆਂ 'ਚ ਪੂਛ ਦੇ ਕੇ ਹਵਾ ਹੋ ਜਾਨੈਂ?" ਮੱਲ ਸਿੰਘ ਪੁੱਛਦਾ ਤਾਂ ਕਾਮਰੇਡ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਜਾਂਦਾ

-"ਖਬਰਦਾਰ ਜੇ ਸਾਡੇ ਘਰ ਮੂਹਰੇ ਖਰੂਦ ਕੀਤੈ ਤਾਂ-ਮਾਰ ਮਾਰ ਰੈਂਗੜੇ ਘੀਸਵਲ ਕੱਢਦੂੰ!" ਮੱਲ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਪੈਂਦਾ

-"ਇਹਦੀਆਂ ਵਿੰਗੀਆਂ ਜੀਆਂ ਲੱਤਾਂ ਤਾਇਆ ਜੀ ਮੈਨੂੰ ਕਦੇ ਵੱਢਣੀਆਂ ਈ ਪੈਣੀਐਂ-ਉਦੋਂ ਉਸ ਬਾਪੂ ਦੇ ਡਰ ਤੋਂ ਦਾਹੜ੍ਹੀਆਂ ਵੀ ਵਧਾ ਗਏ-ਤੇ ਹੁਣ ਮਰੇ ਤੋਂ ਖੁੱਡਿਆਂ 'ਚੋਂ ਨਿਕਲ-ਨਿਕਲ ਕੇ ਬਾਂਗਾਂ ਦਿੰਦੇ ਐ।" ਮੁੰਡਾ ਕਾਫ਼ੀ ਜਲਾਲ ਫੜ ਜਾਂਦਾ

-"ਵੱਢਦੂਗਾ ਲੱਤਾਂ ਇਹੇ ਵੱਡਾ ਨਗੌਰੀ।" ਲੋਕ ਇਕੱਠੇ ਹੋਏ ਦੇਖ ਕੇ ਕਾਮਰੇਡ ਡਰੇ ਹੋਏ ਕੁੱਤੇ ਵਾਂਗ ਦੰਦੀਆਂ ਜਿਹੀਆਂ ਚਿੜਾਉਣ ਲੱਗ ਪੈਂਦਾ

-"ਚੱਲੋ ਛੱਡੋ ਬਈ ਮੁੰਡਿਓ ਰੌਲੇ ਗੌਲੇ ਨੂੰ-ਮੱਲ ਤੋਂ ਇਹਦੀ ਘਾਣੀਂ ਸੁਣੋਂ! ਆ ਬਈ ਮੱਲ ਸਿਆਂ ਸੁਣਾ ਕੇਰਾਂ ਹੱਡਬੀਤੀ!" ਘੁੱਕੀ ਅਮਲੀ ਬੋਲਦਾਉਹ ਮੱਲ ਦੇ 'ਮਰਨ' ਵਾਲੀ ਗੱਲ ਬੜੀ ਦਿਲਚਸਪੀ ਨਾਲ, ਕੰਨ ਲਾ ਕੇ ਸੁਣਦਾ

ਮੱਲ ਦਾ ਅਸਲ ਨਾਂ ਮੱਲ ਸਿੰਘ ਸੀਬੜਾ ਭਗਤ, ਫ਼ੱਕਰ ਬੰਦਾ ਸੀਸਾਰੀ ਉਮਰ ਉਸ ਨੇ ਹੱਡ ਤੋੜਵੀਂ ਮਿਹਨਤ ਕੀਤੀਮਿੱਟੀ ਨਾਲ ਮਿੱਟੀ ਹੋਇਆ ਰਿਹਾਇਕ ਰਾਤ ਖੇਤੋਂ ਵੱਟਾਂ ਪਾ ਕੇ ਮੁੜਿਆ ਤਾਂ ਸਖ਼ਤ ਬਿਮਾਰ ਹੋ ਗਿਆਦੋ-ਤਿੰਨ ਦਿਨ ਪਿੰਡ ਦੇ ਡਾਕਟਰ ਤੋਂ ਹੀ ਇਲਾਜ ਕਰਵਾਉਂਦੇ ਰਹੇਪਰ ਅਖੀਰ ਚੌਥੀ ਰਾਤ ਮੱਲ ਸਿੰਘ ਅਕਾਲ ਚਲਾਣਾਂ ਕਰ ਗਿਆਘਰ ਵਿਚ ਰੋਣ ਪਿੱਟਣ ਪੈ ਗਿਆਦੋ ਜੁਆਨ ਪੁੱਤਾਂ ਦਾ ਪਿਉ ਉਹਨਾਂ ਨੂੰ ਇਕੱਲਿਆਂ ਛੱਡ ਜਹਾਨੋਂ ਕੂਚ ਕਰ ਗਿਆ ਸੀ

ਲਾਗੀ ਰਿਸ਼ਤੇਦਾਰਾਂ ਵੱਲ ਨੂੰ ਤੋਰ ਦਿੱਤਾ ਗਿਆ

ਸਵੇਰੇ ਸਾਝਰੇ ਹੀ ਸਸਕਾਰ ਦੀਆਂ ਤਿਆਰੀਆਂ ਹੋਣ ਲੱਗ ਪਈਆਂਚਿਖ਼ਾ ਲਈ ਲੱਕੜ-ਤਿੰਬੜ ਸ਼ਮਸ਼ਾਨ-ਭੂਮੀ ਪਹੁੰਚਣਾ ਸ਼ੁਰੂ ਹੋ ਗਿਆਸਾਰੀ ਤਿਆਰੀ ਮੁਕੰਮਲ ਹੋ ਗਈਬੱਸ! ਹੁਣ ਸਿਰਫ਼ ਰਿਸ਼ਤੇਦਾਰਾਂ ਦੀ ਉਡੀਕ ਹੋਣ ਲੱਗ ਪਈਨੇੜਲੇ ਪਿੰਡਾਂ ਦੇ ਰਿਸ਼ਤੇਦਾਰ ਤਾਂ ਪਹੁੰਚਣੇਂ ਵੀ ਸ਼ੁਰੂ ਹੋ ਗਏ ਸਨ

ਚਿੱਟਾ ਦਿਨ ਚੜ੍ਹ ਆਇਆ

-"ਨੀ ਮੈਨੂੰ ਇਉਂ ਲੱਗਿਐ-ਜਿਮੇਂ ਮੱਲ ਸਿਉਂ ਦਾ 'ਗੂਠਾ ਹਿੱਲਿਆ ਹੁੰਦੈ?" ਇਕ ਬਿਰਧ ਮਾਈ ਨੇ ਅਜੀਬ ਹੀ ਅਕਾਸ਼ਬਾਣੀ ਕੀਤੀਮੱਲ ਦੇ ਘਰਵਾਲੀ ਸੀਬੋ ਮੱਲ ਦੇ ਪੈਰਾਂ ਵੱਲ ਬੈਠੀ ਰੋਈ ਜਾ ਰਹੀ ਸੀਜੀਵਨ ਸਾਥੀ ਸਦਾ ਲਈ 'ਅਲਵਿਦਾ' ਜਿਉਂ ਆਖ ਗਿਆ ਸੀ

ਦੂਰ ਬੈਠੇ ਬੰਦੇ-ਬੁੜ੍ਹੀਆਂ ਲਾਸ਼ ਕੋਲ ਭੱਜ ਕੇ ਆਏਇਕ ਅਚੰਭਾ ਸੀਸਾਰੇ ਮੱਲ ਸਿੰਘ ਦੇ ਪੈਰ ਵੱਲ ਸ਼ਿਸ਼ਤ ਬੰਨ੍ਹ ਕੇ ਤੱਕ ਰਹੇ ਸਨ

-"ਅੰਮਾਂ ਜੀ ਥੋਨੂੰ ਭੁਲੇਖਾ ਲੱਗਿਆ ਹੋਣੈਂ?" ਕਿਸੇ ਨੇ ਕਿਹਾ

-"ਗਿਆ ਕੌਣ ਮੁੜਦੈ?"

-"ਭਾਈ ਰੱਬ ਦੇ ਘਰ ਦਾ ਕੋਈ ਪਤਾ ਨ੍ਹੀ!"

-"ਹਰ ਭਾਵੈ ਬਿਨ ਸਾਸ ਤੇ ਰਾਖੈ।" ਗਿਆਨੀ ਨੇ ਬਾਣੀ ਦੀ ਉਦਾਹਰਣ ਦਿੱਤੀ

-"ਨੀ ਸਹੁੰ ਵੀਰ ਦੀ-ਮੈਂ ਆਪਣੀਆਂ ਅੱਖਾਂ ਨਾਲ ਦੇਖਿਐ-ਮੈਂ ਕਿਤੇ ਝੂਠ ਬੋਲਦੀ ਐਂ?" ਮਾਈ ਅੱਖੀਂ ਦੇਖਿਆ ਸੱਚ ਬਿਆਨ ਕਰ ਰਹੀ ਸੀ

ਫਿਰ ਮੱਲ ਸਿੰਘ ਦਾ ਪੈਰ ਹਿੱਲਿਆਸਾਰੇ ਪ੍ਰੀਵਾਰ ਵਿਚ ਖੁਸ਼ੀ ਅਤੇ ਹੈਰਾਨੀ ਦੀ ਲਹਿਰ ਦੌੜ ਗਈਇਹ ਸਾਰਿਆਂ ਨੇ ਅੱਖੀਂ ਪ੍ਰਤੱਖ ਦੇਖਿਆ ਸੀ

-"ਹਾੜ੍ਹੇ ਵੇ ਕੋਈ ਡਾਕਦਾਰ ਨੂੰ ਬੁਲਾਓ!" ਮੱਲ ਸਿੰਘ ਦੀ ਘਰਵਾਲੀ ਨੇ ਦੁਹਾਈ ਦਿੱਤੀਕੋਈ ਡਾਕਟਰ ਵੱਲ ਨੂੰ ਦੌੜ ਗਿਆਸਾਰੇ 'ਵਾਹਿਗੁਰੂ-ਵਾਹਿਗੁਰੂ' ਜਪਣ ਲੱਗ ਪਏ

ਡਾਕਟਰ ਪਹੁੰਚਣ ਤੋਂ ਪਹਿਲਾਂ ਹੀ ਮੱਲ ਸਿੰਘ 'ਸਤਿਨਾਮ-ਸਤਿਨਾਮ' ਕਰਦਾ ਉਠ ਬੈਠਾਕੁਝ ਡਰੇ ਹੋਏ ਅਤੇ ਕੁਝ ਹੈਰਾਨਗੀ ਨਾਲ ਉਸ ਨੂੰ ਹੱਥ ਲਾ-ਲਾ ਕੇ ਦੇਖ ਰਹੇ ਸਨਮੱਲ ਸਿੰਘ ਸੱਚਮੁੱਚ ਹੀ ਹਰੀ-ਕਾਇਮ ਸੀ! ਸਾਰੇ ਰਿਸ਼ਤੇਦਾਰ ਹੱਸਦੇ-ਖੇਡਦੇ ਵਾਪਿਸ ਪਰਤ ਗਏਉਸ ਦਿਨ ਤੋਂ ਮੱਲ ਸਿੰਘ ਨੇ ਚਿੱਟਾ ਚੋਲਾ ਸਜਾ ਲਿਆਅੰਮ੍ਰਿਤਪਾਨ ਕਰ ਲਿਆਉਹ ਸਵੇਰੇ ਸ਼ਾਮ ਗੁਰਦੁਆਰੇ ਜਾਂਦਾਗੁਰਬਾਣੀ ਸੁਣਦਾਕੀਰਤਨ ਸਰਵਣ ਕਰਦਾਇਕ ਦਿਨ ਉਸ ਨੇ ਆਪਣੇ ਦੋਨਾਂ ਪੁੱਤਾਂ ਨੂੰ ਕੋਲ ਬੁਲਾ ਕੇ ਆਖਿਆ

-"ਲੈ ਸ਼ੇਰੋ! ਮੈਂ ਬਹੁਤ ਕਮਾਈ ਕਰ ਲਈ-ਹੁਣ ਮੈਂ ਕੰਮ ਨੂੰ ਹੱਥ ਨ੍ਹੀ ਲਾਉਣਾ-ਮੈਂ ਤਾਂ ਗੁਰੂ ਦੇ ਲੜ ਲੱਗ ਗਿਆ-ਤੁਸੀਂ ਸ਼ੇਰੋ ਹੁਣ ਆਪਣਾ ਕਾਰੋਬਾਰ ਸਾਂਭੋ!"

-"ਅੱਛਾ ਬਾਪੂ ਜੀ!" ਮੁੰਡੇ ਮੱਲ ਸਿੰਘ ਦੇ ਬੜੇ ਹੀ ਨੇਕ, ਬੀਬੇ ਸਨ

ਮੱਲ ਸਿੰਘ ਉਤਲੇ ਕੰਮਾਂ 'ਤੇ ਹੋ ਗਿਆਉਹ ਮੁੰਡਿਆਂ ਦੀ ਰੋਟੀ ਖੇਤ ਪਹੁੰਚਦੀ ਕਰ ਦਿੰਦਾ, ਜਾਂ ਫਿਰ ਗੁਰਬਾਣੀ ਉਚਾਰਨ ਕਰਦਾ ਪਸ਼ੂਆਂ ਨੂੰ ਪੱਠੇ-ਦੱਥੇ ਪਾ ਛੱਡਦਾ

-"ਹਾਂ ਬਈ ਗੱਭਰੂਓ! ਥੁੱਕੋ ਗੁੱਸਾ ਤੇ ਧਿਆਨ ਦੇਵੋ ਮੱਲ ਸਿੰਘ ਦੀ ਗੱਲ ਵੱਲੀਂ।" ਘੁੱਕੀ ਅਮਲੀ ਨੇ ਫਿਰ ਕਿਹਾਮੱਲ ਸਿੰਘ ਨੇ ਕਹਿਣਾ ਸ਼ੁਰੂ ਕੀਤਾ:

-"ਲੈ ਭਾਈ ਮੈਨੂੰ ਦੋ ਜਾਣੇਂ ਲੈਣ ਆ ਗਏ-ਕਹਿੰਦੇ ਚੱਲ ਬਈ ਮੱਲ ਸਿਆਂ ਤੇਰੀ ਜੀਵਨ ਯਾਤਰਾ ਖਤਮ ਹੋ ਗਈ ਤੇ ਚੱਲ ਤੈਨੂੰ ਧਰਮਰਾਜ ਨੇ ਬੁਲਾਇਐ-ਤੇ ਭਾਈ ਮੈਨੂੰ ਡੱਡ ਮਾਂਗੂੰ ਚੱਕ ਕੇ ਲੈ ਤੁਰੇ-ਤੇ ਭਾਈ ਮੈਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਬਾਂਹਾਂ 'ਚ ਤੋਰੀ ਮਾਂਗੂੰ ਲਮਕਾਂ-ਫੇਰ ਭਾਈ ਮੈਨੂੰ ਖਾਅਸਾ ਚਿਰ ਤੋਰੀ ਗਏ-ਤੋਰੀ ਗਏ-ਤੇ ਗਾਹਾਂ ਜਾ ਕੇ ਇਕ ਸੂਈ ਦੇ ਨੱਕੇ ਜਿੱਡੀ ਦਰਵਾਜੀ ਜਿਹੀ ਆਈ ਤੇ ਭਾਈ ਮੈਨੂੰ ਖਿੱਚ ਕੇ ਮਸਾਂ ਉਸ ਦਰਵਾਜੀ ਜੀ ਵਿਚੋਂ ਦੀ ਪਾਰ ਕੱਢਿਆ-ਮੇਰੇ ਤਾਂ ਭਾਈ ਛਿੱਲਤੇ ਉਹਨਾਂ ਨੇ ਪਾਸੇ-ਤੇ ਅੱਗੇ ਜਾਕੇ ਭਾਈ ਬੜੀ ਠੰਢੀ ਸ਼ਾਂਤ ਜਗਾਹ-ਬਲਾਅ ਸੋਹਣੀਆਂ-ਸੋਹਣੀਆਂ ਦਰੀਆਂ ਗਲੀਚੇ ਵਿਛੇ ਹੋਏ-ਤੇ ਅੱਗੇ ਜਾ ਕੇ ਭਾਈ ਕੀ ਹੋਇਆ-ਐਥੋਂ ਲੈ ਕੇ ਆਪਣੀ ਹੱਡਾਂਰੋੜੀ ਜਿੰਨੀ ਵਾਟ ਮੈਨੂੰ ਫਿਰ ਤੋਰ ਕੇ ਲੈ ਕੇ ਗਏ।" ਮੱਲ ਸਿੰਘ ਨੇ ਸਾਹ ਲੈ ਕੇ ਫਿਰ ਬੋਲਣਾ ਸ਼ੁਰੂ ਕੀਤਾ

-"ਲੈ ਬਈ ਫੇਰ ਮੈਨੂੰ ਧਰਮਰਾਜ ਦੀ ਕਚਿਹਰੀ 'ਚ ਪੇਸ਼ ਕੀਤਾ-ਉਸ ਦੇ ਭਾਈ ਲਾਲ ਕੱਪੜੇ ਪਾਏ ਹੋਏ-ਖੁੱਲ੍ਹ ਚਿੱਟਾ ਦਾਹੜਾ-ਚਿਹਰੇ ਤੋਂ ਜਾਣੀਂ ਦੀ ਨੂਰ ਵਰ੍ਹੇ-ਉਹਦੇ ਅੱਗੇ ਭਾਈ ਫਾਈਲਾਂ ਦਾ ਢੇਰ ਲੱਗਿਆ ਹੋਇਆ।"

-"ਹਾਂ ਬਈ ਇਹ ਕੌਣ ਐਂ? ਧਰਮਰਾਜ ਨੇ ਭਾਈ ਜਿਹੜੇ ਮੈਨੂੰ ਲੈ ਕੇ ਗਏ ਸੀ-ਉਹਨਾਂ ਨੂੰ ਪੁੱਛਿਆ-ਤੇ ਇਕ ਨੇ ਦੱਸਿਆ ਕਿ ਤਖਤੂਪੁਰੇ ਆਲਾ ਮੱਲ ਸਿੰਘ ਐ ਜੀ-ਤੇ ਰੱਬ ਥੋਡਾ ਭਲਾ ਕਰੇ-ਧਰਮਰਾਜ ਬੜੀ ਧਹੱਮਲ ਨਾਲ ਬੋਲਿਆ-ਉਏ ਇਹਨੂੰ ਅਜੇ ਕਾਹਨੂੰ ਲੈ ਆਏ? ਇਹਦੀ ਅਜੇ ਬਥੇਰੀ ਉਮਰ ਪਈ ਐ-ਤੁਸੀਂ ਲੋਪੋ ਆਲੇ ਮੱਲ ਸਿੰਘ ਨੂੰ ਲੈ ਕੇ ਆਓ-ਇਹਨੂੰ ਛੱਡ ਦਿਓ-ਤੇ ਲੈ ਭਾਈ ਉਹਨਾਂ ਨੇ ਮੈਨੂੰ ਉਥੋਂ ਉਸੇ ਟੈਮ ਈ ਮੋੜ ਲਿਆ ਤੇ ਵੱਡੇ ਸਾਰੇ ਦਰਵਾਜੇ 'ਤੇ ਲਿਆ ਕੇ ਧੱਕਾ ਦੇ ਦਿੱਤਾ-ਤੇ ਜਦੋਂ ਭਾਈ ਮੈਨੂੰ ਧਰਤੀ 'ਤੇ ਪਹੁੰਚ ਕੇ ਕਿਤੇ ਸੁਰਤ ਆਈ ਤਾਂ ਮੇਰੇ ਆਸੇ ਪਾਸੇ ਤਾਂ ਲੱਗਿਆ ਪਿਆ ਮੇਲਾ! ਤੇ ਲੋਕੀ ਮੈਨੂੰ ਹੱਥ ਲਾ-ਲਾ ਕੇ ਦੇਖਣ-ਨਾਲੇ ਮੈਨੂੰ ਦੱਸਣ ਅਖੇ ਮੱਲ ਸਿਆਂ ਤੇਰਾ ਤਾਂ ਦਿਹਾਂਤ ਹੋ ਗਿਆ ਸੀ-ਬੱਸ ਭਾਈ ਆਪਾਂ ਤਾਂ ਉਸੀ ਦਿਨ ਤੋਂ ਸਭ ਕਾਅਸੇ ਤੋਂ ਸਨਿਆਸ ਲੈ ਲਿਆ-ਤੇ ਗੁਰਬਾਣੀ ਵੱਲ ਰੁੱਖ ਕਰ ਲਿਆ।"

-"ਤੇ ਮੱਲ ਸਿਆਂ-ਤੂੰ ਧਰਮਰਾਜ ਕੋਲੋਂ ਕੋਈ ਮੁਆਵਜ਼ਾ ਨ੍ਹੀ ਮੰਗਿਆ?" ਕਾਮਰੇਡ ਟਾਂਚ ਕਰਦਾ

-"ਰੱਬ ਤੋਂ ਡਰਿਆ ਕਰ ਉਏ ਪੋਪਲਾ ਜਿਆ! ਜੀਹਨੂੰ ਜਾਨ ਦੇਣੀਂ ਐਂ।" ਅਮਲੀ ਫ਼ਿਟਕਾਰ ਪਾਉਂਦਾ

ਇਕ ਦਿਨ ਸਵੇਰੇ ਤਿੰਨ ਵਜੇ ਮੱਲ ਸਿੰਘ "ਮੈਦਾਨ ਮਾਰਨ" ਜਾ ਰਿਹਾ ਸੀਪੁਰਾਣੇ ਘੁਲਾੜ੍ਹੇ ਕੋਲੋਂ ਉਸ ਨੂੰ ਕੁਝ ਅਵਾਜ਼ਾਂ ਸੁਣਾਈ ਦਿੱਤੀਆਂਉਸ ਨੇ "ਸਤਿਨਾਮ-ਵਾਹਿਗੁਰੂ" ਦਾ ਜਾਪ ਹੌਲੀ ਕਰ ਦਿੱਤਾਫਿਰ ਕੁਝ ਗਾਹਲਾਂ ਉਸ ਦੇ ਕੰਨੀਂ ਪਈਆਂਉਸ ਨੂੰ ਸ਼ੱਕ ਪਿਆ ਕਿ ਗਾਹਲਾਂ ਵਿਚ ਸ਼ਰਾਬ ਬੋਲ ਰਹੀ ਸੀਉਹ ਰੁਕ ਕੇ ਗੌਰ ਨਾਲ ਉਧਰ ਤੱਕਣ ਲੱਗ ਪਿਆਦੂਰ ਸਿਰਫ਼ ਇਕ ਬੈਟਰੀ ਦਾ ਚਾਨਣ ਹੀ ਨਜ਼ਰ ਆ ਰਿਹਾ ਸੀਬੈਟਰੀ ਕਦੇ ਜਗ ਅਤੇ ਕਦੇ ਬੁਝ ਜਾਂਦੀ ਸੀ

ਫਿਰ "ਟੀਂਅ--!" ਕਰਦੀ ਗੋਲੀ ਦੀ ਆਵਾਜ਼ ਆਈ ਅਤੇ ਨਾਲ ਹੀ ਕਿਸੇ ਮਨੁੱਖ ਦੀ ਚੰਘਿਆੜ---! ਉਹ ਪਾਣੀ ਵਾਲਾ ਲੀਟਰ ਸੁੱਟ ਕੇ ਸਿਰ ਤੋੜ ਉਧਰ ਨੂੰ ਦੌੜ ਪਿਆਬੈਟਰੀ ਫਿਰ ਜਗੀਦਿਲ ਕੰਬਾਊ ਦ੍ਰਿਸ਼ ਦੇਖ ਕੇ ਮੱਲ ਸਿੰਘ ਠਠੰਬਰ ਗਿਆਇਕ ਨੌਜਵਾਨ ਟਾਹਲੀ ਨਾਲ ਨਰੜਿਆ ਹੋਇਆ ਸੀ ਅਤੇ ਉਸ ਦੀ ਛਾਤੀ ਵਿਚੋਂ ਖ਼ੂਨ ਦਾ ਫ਼ੁਆਰਾ ਚੱਲ ਰਿਹਾ ਸੀਉਸ ਦੇ ਕੇਸ ਖੁੱਲ੍ਹੇ ਅਤੇ ਸਿਰ ਇਕ ਪਾਸੇ ਨੂੰ ਲੁੜਕਿਆ ਹੋਇਆ ਸੀਸਾਹਮਣੇਂ ਪੁਲੀਸ ਖੜ੍ਹੀ ਸੀ

-"ਉਏ ਦੁਸ਼ਟੋ! ਇਹ ਕੀ ਕਹਿਰ ਢਾਹ ਦਿੱਤਾ? ਇਕ ਰੱਬ ਦਾ ਬੰਦਾ ਟਾਹਲੀ ਨਾਲ ਨੂੜ ਕੇ ਮਾਰ ਦਿੱਤਾ?" ਉਹ ਬੱਦਲ ਵਾਂਗ ਗਰਜਦਾ, ਸਾਹਣ ਵਾਂਗ ਧੁੱਸ ਦੇਈ, ਉਸ ਬੰਨ੍ਹੇ ਨੌਜਵਾਨ ਵੱਲ ਨੂੰ ਦੌੜਿਆ ਜਾ ਰਿਹਾ ਸੀ

-"ਉਏ ਦੁਸ਼ਟੋ---!"

ਪੁਲੀਸ ਦੇ ਕੈਂਟਰ ਦੀਆਂ ਬੱਤੀਆਂ ਜਗੀਆਂ

-"ਜਨਾਬ! ਇਸ ਬੁੱਢੇ ਨੇ ਸਾਰਾ ਕੁਛ ਦੇਖ ਲਿਆ!" ਇਕ ਸ਼ਰਾਬੀ ਸਿਪਾਹੀ ਆਪਣੇ ਅਫ਼ਸਰ ਨੂੰ ਦੱਸ ਰਿਹਾ ਸੀ

-"ਇਹਦਾ ਵੀ ਧੰਦਾ ਨਬੇੜ ਦਿਓ!" ਕੈਂਟਰ ਅੰਦਰੋਂ ਅਫ਼ਸਰ ਦਾ ਹੁਕਮ ਆਇਆ

-"ਕੋਈ ਸਬੂਤ ਪਿੱਛੇ ਨਾ ਰਹੇ!"

-"ਜੋ ਹੁਕਮ ਹਜ਼ੂਰ!" ਉਸ ਨੇ ਬੋਤਲ ਰੱਖ ਰਾਈਫ਼ਲ ਫੜ ਲਈ

ਰਾਈਫ਼ਲ ਦੀ ਬਾਇਰਲ 'ਚੋਂ ਨਿਕਲੀ ਗੋਲੀ ਮੱਲ ਸਿੰਘ ਦੀ ਛਾਤੀ ਭਰਾੜ੍ਹ ਕਰ ਗਈ

"ਵਾਹਿਗੁਰੂ" ਦੀ ਲੰਮੀ ਹੇਕ ਨਿਕਲੀ ਅਤੇ ਮੱਲ ਸਿੰਘ ਸੁੱਕੀ ਲੱਕੜ ਵਾਂਗ ਉਸ ਨੌਜਵਾਨ ਦੇ ਪੈਰਾਂ ਵਿਚ ਡਿੱਗ ਪਿਆ

-"ਜਾ ਕੇ ਦੇਖੋ ਮਰ ਗਿਆ ਕਿ ਨਹੀਂ?" ਅੰਦਰੋਂ ਫਿਰ ਅਫ਼ਸਰ ਦਾ ਹੁਕਮ ਆਇਆ

-"ਨਹੀਂ ਤਾਂ ਇਕ ਗੋਲੀ ਹੋਰ ਮਾਰੋ!"

-"ਜੀ ਹਜ਼ੂਰ!"

ਜਦ ਸਿਪਾਹੀ ਨੇ ਮੱਲ ਸਿੰਘ ਕੋਲ ਜਾ ਕੇ ਦੇਖਿਆ ਤਾਂ ਉਹ ਸਹਿਕ ਰਿਹਾ ਸੀ

"ਸਤਿਨਾਮ-ਵਾਹਿਗੁਰੂ" ਦੀ ਅਵਾਜ਼ ਉਸ ਦੇ ਮੂੰਹ 'ਚੋਂ ਟੁੱਟ-ਟੁੱਟ ਕੇ ਆ ਰਹੀ ਸੀ

-"ਕਿਉਂ ਬੁੱਢਿਆ? ਲੈ ਲਿਆ ਸੁਆਦ? ਬੜਾ ਭੱਜ ਕੇ ਆਇਆ ਸੀ-ਜਿਵੇਂ ਹੱਥ 'ਚ ਸਟੇਨਗੰਨ ਫੜੀ ਹੁੰਦੀ ਐ?" ਝੂਲਦਾ ਸਿਪਾਹੀ ਵਿਅੰਗਮਈ ਕਹਿ ਰਿਹਾ ਸੀ

-"ਉਏ ਆਦਮਖੋਰੋ! ਵਕਤ ਤੋਂ ਪਹਿਲਾਂ ਤਾਂ ਧਰਮਰਾਜ ਵੀ ਕਿਸੇ ਨੂੰ ਨ੍ਹੀ ਬੁਲਾਉਂਦਾ-ਤੇ ਤੁਸੀਂ ਪਲ 'ਚ ਦੋ ਬੰਦੇ ਮਿੱਟੀ ਕਰ ਦਿੱਤੇ! ਹੇ ਸੱਚਿਆ ਪਾਤਿਸ਼ਾਹ! ਇਹਨਾਂ ਪਾਪੀਆਂ ਨੂੰ ਸੁਮੱਤ ਬਖਸ਼-ਵਾ-ਹਿ-ਗੁ-ਰੂ---!" ਤੇ ਮੱਲ ਸਿੰਘ ਖ਼ਾਮੋਸ਼ ਹੋ ਗਿਆਵਜੂਦੋਂ ਭੌਰ ਉੱਡ ਗਿਆਉਸ ਦੀ ਖਿਲਰੀ ਲਾਸ਼ ਖੇਤ ਵਿਚ ਅਹਿਲ ਪਈ, ਆਪਣੇ ਖ਼ੂਨ ਨਾਲ ਫ਼ਸਲ ਸਿੰਜ ਰਹੀ ਸੀਜਿਵੇਂ ਮੱਲ ਸਿੰਘ ਕਦੇ ਦਾ ਘੂਕ ਸੁੱਤਾ ਪਿਆ ਸੀਚੁੱਪ ਚਾਪ!

ਅਗਲੇ ਦਿਨ ਅਖਬਾਰਾਂ ਵਿਚ ਖ਼ਬਰ ਸੀ:

-"ਪਿੰਡ ਚਚਰਾੜੀ ਦੇ ਖੇਤਾਂ ਵਿਚੋਂ ਪੁਲੀਸ ਨੇ ਦੋ ਲਾਸ਼ਾਂ ਬਰਾਮਦ ਕਰਕੇ ਕਬਜ਼ੇ ਵਿਚ ਲੈ ਲਈਆਂਸਬੰਧਿਤ ਪੁਲੀਸ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖਦੇ ਹੋਏ ਦੱਸਿਆ ਕਿ ਇਹ ਅੱਤਿਵਾਦੀਆਂ ਦੀ ਆਪਸੀ ਧੜੇਬੰਦੀ ਦਾ ਸਿੱਟਾ ਹੈਇਸ ਤੋਂ ਇਲਾਵਾ ਪੁਲੀਸ ਨੇ ਲਾਸ਼ਾਂ ਨੂੰ ਲਾਵਾਰਸ ਕਰਾਰ ਦਿੰਦੇ ਹੋਏ ਸਸਕਾਰ ਕਰ ਦਿੱਤਾ--!"

Friday, February 13, 2009

ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਦਾ ਅਕਾਲ ਚਲਾਣਾ

ਇਹ ਖ਼ਬਰ ਸਾਹਿਤਕ ਹਲਕਿਆਂ ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਦੋਸਤ ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਅੱਜ ਇੰਡੀਆ ਦੇ ਵਕਤ ਅਨੁਸਾਰ ਮਿਤੀ ਫਰਵਰੀ 13, 2008 ਰਾਤ 10:50 ਮਿੰਟ ਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, 78 ਸਾਲਾਂ ਦੀ ਉਮਰ ਭੋਗਦੇ ਹੋਏ, ਅਕਾਲ ਚਲਾਣਾ ਕਰ ਗਏ ਹਨ। ਆਖ਼ਰੀ ਵਕਤ ਮਿਸਿਜ਼ ਸਵਰਨਜੀਤ ਕੁੱਸਾ ਪਿਤਾ ਜੀ ਦੇ ਕੋਲ਼ ਸਨ। ਉਹ ਦੋ ਦਿਨ ਪਹਿਲਾਂ ਹੀ ਇੰਡੀਆ ਪਹੁੰਚੇ ਸਨ। ਸ਼ਿਵਚਰਨ ਜੀ ਅਜੇ ਇੰਗਲੈਂਡ ਹੀ ਹਨ ਅਤੇ ਕੱਲ੍ਹ ਜਾਂ ਪਰਸੋਂ ਉਹ ਪਿੰਡ ਕੁੱਸਾ ਪਹੁੰਚ ਜਾਣਗੇ। ਓਦੋਂ ਹੀ ਪਿਤਾ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਰਸੀ ਲੇਖਕ /ਪਾਠਕ ਪਰਿਵਾਰ ਪਿਤਾ ਜੀ ਦੇ ਅਕਾਲ ਤੇ ਸਮੂਹ ਕੁੱਸਾ ਪਰਿਵਾਰ ਦੇ ਦੁੱਖ ਚ ਸ਼ਾਮਿਲ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਅਤੇ ਕੁੱਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!

ਸ਼ਿਵਚਰਨ ਜੀ ਨਾਲ਼ ਉਹਨਾਂ ਦੇ ਸੈੱਲ ਤੇ ਸੰਪਰਕ ਕੀਤਾ ਜਾ ਸਕਦਾ ਹੈ: 44-785-331-7891

ਦੁੱਖ ਚ ਸ਼ਰੀਕ

ਤਨਦੀਪ ਤਮੰਨਾ

ਅਤੇ ਸਮੂਹ ਆਰਸੀ ਪਰਿਵਾਰ


Sunday, January 11, 2009

ਧੋਬੀ ਦੇ ਕੁੱਤੇ - ਕਹਾਣੀ

ਧੋਬੀ ਦੇ ਕੁੱਤੇ

ਕਹਾਣੀ

ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ 'ਖ਼ਬਰ' ਲੈਣ ਲਈ ਆਏ ਸਨਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀਪਤਾ ਨਹੀਂ ਉਸ ਨੂੰ ਕਿਹੜੀ ਗੱਲ ਦੀ ਖੁਸ਼ੀ ਸੀ?

-"ਡੈਡੀ ਮੈਂ ਤਾਂ ਸਾਲੇ ਮੁਸਲੇ ਦੀ ਲੱਤ ਵੱਢਣੀਂ ਐਂ-ਚਾਹੇ ਕੁਛ ਹੋਜੇ!" ਬਿੱਕਰ ਦਾ ਵੱਡਾ ਮੁੰਡਾ ਨ੍ਹੇਰੀ ਸ਼ਰਾਬੀ ਹੋ ਗਿਆ ਸੀ

-"ਭਲਿਆ ਮਾਣਸਾ-ਲੱਤ ਵੱਢਣੀਂ ਐਥੇ ਸੌਖੀ ਐ? ਹੈਂ! ਇਹ ਇੰਡੀਆ ਨਹੀਂ-ਅਗਲੇ ਚੱਕ ਕੇ ਅੰਦਰ ਦੇ ਦੇਣਗੇ-ਕਿਸੇ ਨੇ ਦੱਸ ਪੁੱਛ ਕਰਨੀ ਐਂ? ਹੈ ਨਾ ਕਮਲਾ! ਲੱਤ ਵੱਢਣੀਂ ਐਂ ਡੈਡੀ!" ਬਿੱਕਰ ਨੇ ਮੁਰਗੇ ਦੀ ਟੰਗ ਮਰੋੜਦਿਆਂ, ਆਪਣੇ ਮੁੰਡੇ ਨੂੰ ਤਾੜ ਕੇ ਸਾਂਗ ਜਿਹੀ ਲਾਈ

-"ਡੈਡੀ! ਆਪਣੀ ਇੱਜ਼ਤ ਰੋਲਤੀ ਮੁਸਲੇ ਨੇ-ਮੇਰੇ ਤਾਂ ਚੜ੍ਹੀ ਜਾਂਦੇ ਐ ਵਟਣੇ-ਮੈਂ ਸੁੱਲੇ ਦੀ ਟੰਗ ਵੱਢ ਕੇ ਪਰਾਂਹ ਮਾਰਨੀ ਐਂ-ਮੈਨੂੰ ਨ੍ਹੀ ਪਤਾ!" ਮੁੰਡਾ 'ਉਤੋਂ' ਦੀ ਹੋਇਆ ਝੂਟੇ ਖਾ ਰਿਹਾ ਸੀਪਤਾ ਨਹੀਂ ਗੁੱਸੇ ਵਿਚ ਜਾਂ ਫਿਰ ਸ਼ਰਾਬ ਦੇ ਨਸ਼ੇ ਵਿਚ ਆਖ ਰਿਹਾ ਸੀ

-"ਹੈ ਯਧ ਕਮਲਾ? ਜੋ ਹੋ ਗਿਆ, ਸੋ ਹੋ ਗਿਆ-ਹੁਣ ਟੰਗ ਵੱਢ ਕੇ ਮਿਲੂ ਕੀ? ਹੈਂ! ਮਰਨਾ-ਮਾਰਨਾ ਮੂਰਖ ਜੱਟਾਂ ਦਾ ਕੰਮ ਐਂ-ਆਪਣਾ ਨਹੀਂ!"

-"ਡੈਡੀ, ਆਪਾਂ ਨੂੰ ਲੋਕ ਸਾਲੇ ਸੱਕ ਲਾਹੂ ਜਾਤ ਈ ਆਖਣਗੇ।"

-"ਆਖੀ ਜਾਣ! ਲੋਕਾਂ ਦਾ ਕੀ ਐ? ਲੋਕ ਤਾਂ ਕੁੱਤੇ ਐ-ਤੂੰ ਕਿਸੇ ਨੂੰ ਮਾਰ ਕੇ ਫਾਂਸੀ ਚੜ੍ਹਜਾ-ਸ਼ਾਬਾਸ਼ੇ ਇੰਨ੍ਹਾਂ ਨੇ ਫੇਰ ਵੀ ਨ੍ਹੀ ਦੇਣੀਂ-ਫਿੱਟ ਲਾਹਣਤ ਈ ਦੇਣਗੇ।"

-"ਥੋਡੇ 'ਚ ਕਣ-ਕੰਡਾ ਈ ਨ੍ਹੀ ਨਾ ਫੇਰ?" ਨ੍ਹੇਰੀ ਭੂਸਰ ਗਿਆ ਸੀ

ਬਿੱਕਰ ਦੇ ਦੋਸਤਾਂ ਨੇ ਉਸ ਨੂੰ ਸ਼ਾਂਤ ਕੀਤਾ

-"ਚੱਲ ਜਾਣਦੇ ਸ਼ੇਰਾ! ਕੱਲ੍ਹ ਨੂੰ ਗੱਲ ਕਰਾਂਗੇ-ਐਮੇ ਨ੍ਹੀ ਕਮਲ ਮਾਰੀਦਾ ਹੁੰਦਾ-ਚੱਲ ਪੈ---!" ਜੋਗਿੰਦਰ ਉਸ ਨੂੰ ਇੱਕ ਤਰ੍ਹਾਂ ਨਾਲ ਫੜ ਕੇ ਬੈੱਡ-ਰੂਮ ਵਿਚ ਸੁੱਟ ਆਇਆ

-"ਕਿੱਡੀ ਸਿੱਧਰੀ ਔਲਾਦ ਐ-ਵੰਝ 'ਤੇ ਚਾੜ੍ਹਨੇ ਲਏ ਐਂ!" ਬਿੱਕਰ ਨੇ ਲੰਡਾ ਪੈੱਗ ਅੰਦਰ ਸੁੱਟਦਿਆਂ ਕਿਹਾ

-"ਗੱਲ ਕਿਹੜਾ ਬਿੱਕਰਾ ਛੋਟੀ ਐ? ਅਕਸਰ ਫਿਰ ਵੀ ਸਕੀ ਭੈਣ ਐਂ-ਮੁੰਡੇ ਦਾ ਗਰਮ ਖ਼ੂਨ ਐਂ-ਪੰਘਰੂ ਨਾ ਤਾਂ ਹੋਰ ਕੀ ਕਰੂ?" ਜੋਗਿੰਦਰ ਨੂੰ ਨ੍ਹੇਰੀ 'ਤੇ ਘੱਟ ਅਤੇ ਬਿੱਕਰ 'ਤੇ ਵੱਧ ਗੁੱਸਾ ਆ ਰਿਹਾ ਸੀਜਿਹੜਾ ਪਹਾੜ੍ਹ ਜਿੱਡੀ ਗੱਲ ਨੂੰ 'ਲੱਲੋ-ਪੱਤੋ' ਹੀ ਸਮਝਦਾ ਸੀ

-"ਲਟਕੀ ਨੇ ਵੀ ਸਹੁਰੀ ਨੇ ਕਮਲ ਈ ਮਾਰਿਆ-ਸੁੱਲੇ ਦੇ ਜਾ ਕੇ ਬਹਿ ਗਈ-ਉਹ ਜਾਣੇਂ ਕਿਸੇ ਦੇਸੀ ਭਾਈਬੰਦ ਦੇ ਚਲੀ ਜਾਂਦੀ-ਚਾਰ ਲਾਮਾਂ ਦੇ ਕੇ ਪਰ੍ਹਾਂ ਕਰਦੇ-ਪਰ ਮੁਸਲੇ ਨਾਲ ਤਾਂ ਨਿਕਾਹ ਕਰਨੋਂ ਰਹੇ?" ਧੂਤ ਬੋਲਿਆਉਹ ਕਦੋਂ ਦਾ ਕੋਹੜ ਕਿਰਲੇ ਜਿੱਡੀ ਮੁੱਛ ਨੂੰ ਰੱਸੀ ਵਾਂਗ ਵੱਟ ਦੇ ਰਿਹਾ ਸੀ

-"ਬਾਧੂ ਕੋਹੜੀ ਵੀ ਨੇ ਤੋਏ ਤੋਏ ਕਰਵਾਈ!"

-"ਦੱਸੋ ਫਿਰ ਮੈਂ ਕਿਹੜੇ ਖੂਹ 'ਚ ਡਿੱਗਾਂ---?" ਬਿੱਕਰ ਕੁਰਲਾਇਆ

-"ਤੈਨੂੰ ਖੂਹ 'ਚ ਡਿੱਗਣ ਨੂੰ ਕੌਣ ਕਹਿੰਦੈ? ਪਰ ਤੂੰ ਨਿਰਾ ਪੁਰਾ ਪੈਸੇ ਮਗਰ ਈ ਨਾ ਪੈ-ਔਲਾਦ ਬੰਨੀਂ ਵੀ ਖਿਆਲ ਕਰ!" ਸੁੱਚੇ ਸੂਰਮੇਂ ਨੇ ਬਿੱਕਰ ਨੂੰ ਸਿੱਧੀ ਸੁਣਾਈ ਕੀਤੀ

-"ਮੈਂ ਕਾਹਨੂੰ ਪੈਸੇ ਮਗਰ ਪਿਐਂ ਯਾਰ-ਤੁਸੀਂ ਤਾਂ ਬੱਸ---!" ਬਿੱਕਰ ਸਿੱਧੀ ਸੁਣ ਕੇ ਕੰਬ ਗਿਆਉਸ ਨੂੰ ਕੋਈ ਟਿਕਾਣੇ ਦਾ ਉੱਤਰ ਨਾ ਸੁੱਝਿਆ

-"ਚੱਲੀਏ ਫੇਰ ਸ਼ਿੰਗਾਰਿਆ? ਸਵੇਰੇ ਕੰਮ 'ਤੇ ਵੀ ਜਾਣੈਂ।" ਰੰਧਾਵੇ ਨੇ ਕਿਹਾਦਾਰੂ ਦੇ ਨਸ਼ੇ ਨਾਲ ਉਹ 'ਬਾਬੂ' ਬਣਿਆਂ ਬੈਠਾ ਸੀ

-"ਚੱਲ ਪਾ ਫੇਰ ਚੱਲੀਏ।" ਸ਼ਿੰਗਾਰੇ ਨੇ ਬੋਤਲ ਰੰਧਾਵੇ ਦੀ ਬੁੱਕਲ ਵਿਚ ਜੁਆਕ ਵਾਂਗ ਰੱਖ ਦਿੱਤੀ

ਪੈੱਗ ਪੀ ਕੇ ਦੋਨੋਂ ਉਠ ਖੜ੍ਹੇ

-"ਹੋਰ ਕੋਈ ਸਾਡੇ ਲੈਕ ਸੇਵਾ ਹੋਵੇ ਤਾਂ ਦੱਸੀਂ!" ਤੇ ਫਿਰ ਰੰਧਾਵਾ ਰਸੋਈ ਕੋਲ ਹੋ ਕੇ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੂੰ ਆਖਣ ਲੱਗਾ, "ਚੰਗਾ ਭਰਜਾਈ! ਅਸੀਂ ਚੱਲਦੇ ਐਂ ਫੇਰ-ਅਗਲੇ ਹਫ਼ਤੇ ਦੇਖਾਂਗੇ।"

-"ਵੇ ਰੋਟੀ ਖਾ ਕੇ ਜਾਂਦੇ ਰਿਹੋ-ਕੀ ਐਡੀ ਛੇਤੀ ਨ੍ਹੇਰੀ ਆਈ ਐ ਥੋਨੂੰ?"

-"ਰੋਟੀ ਖਾਣ ਜੋਗੇ ਤਾਂ ਭਰਜਾਈ ਅਜੇ ਹੋਣੈਂ।" ਰੰਧਾਵਾ ਤੋਤਲਾ ਬੋਲਿਆ, "ਅਜੇ ਖੁਰਕ ਜੀ ਹੋਣ ਨ੍ਹੀ ਲੱਗੀ।"

-"ਵੇ ਕਦੋਂ ਦਾ ਤਾਂ ਡੱਫ਼ੀ ਜਾਨੈਂ ਡੋਕਲਾ!"

-"ਜਿੰਨਾਂ ਚਿਰ ਭਰਜਾਈ ਇਹੇ ਦਾਲ ਦੀ ਕੌਲੀ ਉਪਰ ਨ੍ਹੀ ਡੋਲ੍ਹਦਾ-ਇਹ ਰੋਟੀ ਖਾਣ ਜੋਕਰਾ ਨ੍ਹੀ ਹੁੰਦਾ।" ਹੱਸਦੇ ਸ਼ਿੰਗਾਰੇ ਦਾ ਨਾਲ ਹੀ ਢਿੱਡ ਹਿਲਦਾ ਸੀਨਜ਼ਰ ਵਾਲੀ ਐਨਕ ਵਿਚੋਂ ਉਸ ਦੀਆਂ ਲਾਲ ਅੱਖਾਂ ਬੈਟਰੀ ਵਾਂਗ ਜਗ ਰਹੀਆਂ ਸਨ

-"ਵੇ ਗੱਡੀ ਹੌਲੀ ਚਲਾਇਓ----!" ਉਪਰੋਂ ਹਰਦੇਵ ਕੌਰ ਦੀ ਅਵਾਜ਼ ਆਈ

ਉਹ ਇੱਕ ਦੂਜੇ ਵਿਚ ਵੱਜਦੇ ਹੇਠਾਂ ਉਤਰ ਆਏ

-"ਇਹਨਾਂ ਨੂੰ ਕੁੱਤੀਆਂ ਜਾਤਾਂ ਐਮੇਂ ਨ੍ਹੀ ਕਹਿੰਦੇ।" ਰੰਧਾਵਾ ਕਾਰ ਦੀ ਸੀਟ 'ਤੇ ਬੈਠ, ਬੈੱਲਟ ਲਾਉਂਦਾ ਹੋਇਆ ਬੋਲਿਆ

-"ਮੋੜ ਕੇ ਲਿਆਂਦੀ ਨਿਕਲੀ ਵੀ ਕੁੜੀ ਐ-ਪਾਲਟੀਆਂ ਇਉਂ ਕਰੀ ਜਾਂਦੇ ਐ ਜਿਵੇਂ----!" ਕਾਰ ਤੋਰਦਿਆਂ ਸਿ਼ੰਗਾਰੇ ਮਾਨ ਦਾ ਹਾਸਾ ਛੁੱਟ ਪਿਆ

-"ਯਾਰ, ਮੇਰੇ ਤਾਂ ਹੋਰ ਸੁਣਨ 'ਚ ਆਇਐ।" ਰੰਧਾਵੇ ਨੇ ਮੂੰਹ ਮਾਨ ਦੇ ਮੂੰਹ ਕੋਲ ਕਰ ਲਿਆ

-"ਬਈ ਮੁਸਲੇ ਨੇ ਕੁੜੀ ਦੀਆਂ ਫ਼ੋਟੂਆਂ ਵੀ ਲਾਹੀਐਂ?"

-"ਤੂੰ ਫੋਟੋਆਂ ਦੀ ਗੱਲ ਕਰਦੈਂ-ਉਹਨੇ ਤਾਂ ਕੁੜੀ ਦੀ ਮੂਵੀ ਵੀ ਬਣਾਈ ਐ!"

-"ਹੈਤ ਥੋਡੀ ਮਾਂ ਦੀ----! ਫੇਰ ਮਰੇ ਵੇ ਈ ਐ ਨਾ? ਚੱਪਣੀਆਂ ਦੇਣ ਭੰਨ ਸਾਲੇ ਦੀਆਂ-ਮੂਵੀ ਤੇ ਫੋਟੂਆਂ ਤਾਂ ਮੁੜਵਾਉਣ-ਅਗਲਾ ਪਤਾ ਨ੍ਹੀ ਕੀਹਨੂੰ ਕੀਹਨੂੰ ਦਿਖਾਊ? ਜਾਂ ਦੱਸਣ ਪੁਲਸ ਨੂੰ।"

-"ਪੁਲਸ ਐਥੇ ਕੀ ਕਰੂ? ਇੱਥੇ ਇੰਡੀਆ ਆਲੀ ਪੁਲਸ ਥੋੜ੍ਹੋ ਐ?" ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਨੇ ਕਾਰ ਆਪਣੇ ਮਕਾਨ ਅੱਗੇ ਆ ਲਾਈ

------ਅਸਲ ਵਿਚ ਬਿੱਕਰ ਸਿੰਘ ਕਾਮਾ, ਮਿਹਨਤੀ ਹੋਣ ਦੇ ਨਾਲ-ਨਾਲ ਪੈਸੇ ਦਾ ਪੁੱਤ ਸੀਅਤੀਅੰਤ ਸੂਮ! ਦੋ ਜੁਆਨ ਮੁੰਡੇ ਅਤੇ ਦੋ ਹੀ ਜੁਆਨ ਕੁੜੀਆਂਬਿੱਕਰ, ਬਿੱਕਰ ਦੇ ਘਰਵਾਲੀ ਹਰਦੇਵ ਕੌਰ ਅਤੇ ਸਾਰੇ ਮੁੰਡੇ-ਕੁੜੀਆਂ ਕਿੱਤਿਆਂ 'ਤੇ ਲੱਗੇ ਹੋਏ ਸਨਚੰਗਾ-ਚੋਖਾ ਪੈਸਾ ਘਰੇ ਆਉਂਦਾ ਸੀਬਿੱਕਰ ਨੇ ਆਪਣਾ ਇੱਕ ਚੰਗਾ ਵੱਡਾ ਮਕਾਨ ਖਰੀਦ ਲਿਆਆਪਣੀ ਰਹਾਇਸ਼ ਜੋਗਾ ਰੱਖ ਕੇ ਬਾਕੀ ਕਮਰੇ ਇੰਡੀਅਨ ਅਤੇ ਪਾਕਿਸਤਾਨੀ ਮੁੰਡਿਆਂ ਨੂੰ ਕਿਰਾਏ 'ਤੇ ਦੇ ਦਿੱਤੇਆਮਦਨ ਹੋਰ ਵੀ ਵਧ ਗਈਬੱਸ! ਹੁਣ ਬਿੱਕਰ ਅੱਠ ਘੰਟੇ ਹੀ ਡਿਊਟੀ ਕਰਦਾ ਅਤੇ ਰਾਤ ਨੂੰ ਦਾਰੂ ਪੀ ਕੇ ਸੌਂ ਛੱਡਦਾਛੁੱਟੀ ਵਾਲੇ ਦਿਨ ਤਾਂ ਉਹ ਸਵੇਰੇ ਹੀ ਸ਼ੁਰੂ ਹੋ ਜਾਂਦਾ ਸੀਮੁੰਡੇ, ਕੁੜੀਆਂ, ਹਰਦੇਵ ਕੌਰ ਕਦੋਂ ਕੰਮ 'ਤੇ ਜਾਂਦੀ ਅਤੇ ਕਦੋਂ ਆਉਂਦੀ? ਉਹ ਬਹੁਤਾ ਕਿਆਲ ਨਾ ਕਰਦਾ!

ਅਖੀਰ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੇ ਵੱਡੀ ਕੁੜੀ ਦੇ ਵਿਆਹ ਬਾਰੇ ਜੋਰ ਪਾਇਆ, ਪਰ ਬਿੱਕਰ ਨੇ ਕੰਨ-ਮੁੱਢ ਮਾਰ ਛੱਡਿਆ

-"ਅਜੇ ਵਿਆਹ ਦੀ ਕੋਈ ਉਮਰ ਐ? ਕੱਲ੍ਹ ਦੀ ਤਾਂ ਜੁਆਕੜੀ ਐ!" ਉਹ ਸੋਨੇ ਦਾ ਅੰਡਾ ਦੇਣ ਵਾਲੀ ਧੀ ਨੂੰ ਛੇਤੀ ਕੀਤੇ ਖੁੱਡੇ ਵਿਚੋਂ ਕੱਢਣ ਲਈ ਤਿਆਰ ਨਹੀਂ ਸੀਪਰ ਮਾਂ ਨੇ ਧੀ ਦੀਆਂ 'ਕਰਤੂਤਾਂ' ਇੱਕ ਤੁਰਕੀ ਮੁੰਡੇ ਨਾਲ ਅੱਖੀਂ ਦੇਖ ਲਈਆਂ ਸਨਉਹ ਠਠੰਬਰੀ ਹੋਈ ਕੁੜੀ ਦੇ ਕਮਰੇ 'ਚੋਂ ਅੱਖਾਂ ਮੁੰਦ ਕੇ ਵਾਪਿਸ ਆ ਗਈ ਸੀਅੱਖੀਂ ਦੇਖਿਆ 'ਸੀਨ' ਉਸ ਨੂੰ ਵਾਰ-ਵਾਰ ਕੰਬਣੀ ਚਾੜ੍ਹਦਾ ਸੀਘੱਟ ਮਾਂ ਵੀ ਨਹੀਂ ਸੀਗਲ ਥਾਣੀਂ ਪਜਾਮਾ ਉਹ ਲਾਹੁੰਦੀ ਸੀਕਿੱਕਰ ਤੋਂ ਕਾਟੋ ਲਾਹੁੰਣ ਦੀ ਸ਼ੌਕੀਨ ਹਰਦੇਵ ਕੌਰ, ਬਿੱਕਰ ਤੋਂ ਪੂਰੀ ਦਸ ਸਾਲ ਛੋਟੀ ਸੀ! ਅਕਸਰ ਬੰਦੇ-ਬੁੜ੍ਹੀ ਨੇ ਆਪਣੀ ਭੁੱਖ ਪੂਰੀ ਕਰਨ ਲਈ ਕਿਤੇ ਨਾ ਕਿਤੇ ਤਾਂ ਡਿੱਗਣਾ ਹੀ ਹੋਇਆ? ਮਾਂ ਖ਼ੁਦ ਭਾਂਤ-ਭਾਂਤ ਦੇ ਯਾਰ ਹੰਢਾਉਂਦੀ ਸੀ! ਮਾਂ ਖੂਹ ਵਿਚ ਅਤੇ ਕੁੜੀ ਖਾਤੇ ਵਿਚ ਡਿੱਗ ਰਹੀ ਸੀ

ਆਖਰ ਜਦ ਤੁਰਕੀ ਮੁੰਡੇ ਦਾ ਇਹ ਨਿੱਤ ਦਾ ਹੀ ਕੰਮ ਹੋ ਗਿਆ ਤਾਂ ਹਰਦੇਵ ਕੌਰ ਦੇ ਭਾਅ ਦੀ ਬਣ ਗਈ

-"ਇਹ ਤਾਂ ਜੁਆਕ ਬਣਾ ਕੇ ਪਾਸੇ ਹੋਊ-ਅਸੀਂ ਕੀਹਦੀ ਮਾਂ ਨੂੰ ਮਾਸੀ ਕਹਾਂਗੇ?" ਉਹ ਅੰਦਰੋ-ਅੰਦਰੀ ਖੁਰਦੀ ਰਹਿੰਦੀ

-"ਕੰਜਰਾ! ਦਾਰੂ 'ਚ ਡੁੱਬਿਆ ਰਹਿੰਨੈਂ-ਕੁੜੀ ਉੱਜੜਨ ਰਸਤੇ ਪੈਗੀ!" ਇੱਕ ਦਿਨ ਹਰਦੇਵ ਕੌਰ ਨੇ ਪੱਟ ਪਿੱਟੇ

-"ਉਹਦੀ ਮਾਂ ਦੀ----!" ਸ਼ਰਾਬ ਨਾਲ ਰੱਜਿਆ ਬਿੱਕਰ ਸਿੰਘ ਕਰੋਧ ਨਾਲ ਸੜ ਉਠਿਆ

-"ਤੂੰ ਕੁੱਤੀਏ! ਮੈਨੂੰ ਪਹਿਲਾਂ ਕਿਉਂ ਨਾ ਦੱਸਿਆ?" ਉਸ ਨੇ ਡਾਂਗ ਲੈ ਕੇ ਹਰਦੇਵ ਕੌਰ ਨਿੱਸਲ ਕਰ ਦਿੱਤੀ

-"ਕੰਜਰ ਚੌਰਿਆ! ਮੈਂ ਤਾਂ ਨਿੱਤ ਤੇਰੇ ਮੂੰਹ ਅੱਗੇ ਹੱਥ ਦਿੰਦੀ ਰਹੀ-ਹੁਣ ਨਾ ਕੰਜਰਪੁਣਾਂ ਕਰਕੇ ਲੋਕਾਂ ਨੂੰ ਤਮਾਸ਼ਾ ਦਿਖਾ-ਝੱਗਾ ਚੱਕਿਆਂ ਆਬਦਾ ਈ ਢਿੱਡ ਨੰਗਾ ਹੁੰਦੈ-ਕਰਨ ਆਲਾ ਕੰਮ ਕਰ ਮੌਤ ਪੈਣਿਆਂ!" ਕੁੱਟ ਖਾ ਕੇ ਵੀ ਹਰਦੇਵ ਕੌਰ ਧੀਮੀਂ ਅਵਾਜ਼ ਵਿਚ ਗੱਲ ਕਰ ਰਹੀ ਸੀ

-"ਤੂੰ ਅਜੇ ਤੱਕ ਯਾਰਾਂ ਦੀਆਂ ਬੁੱਕਲਾਂ ਨਿੱਘੀਆਂ ਕਰਦੀ ਐਂ-ਤੇਰੀਆਂ ਧੀਆਂ ਕਿਹੜਾ ਘੱਟ ਕਰਨਗੀਆਂ?" ਉਸ ਨੇ ਇੱਕ ਕਰੜੀ ਝੁੱਟੀ ਹੋਰ ਲਾ ਕੇ ਹਰਦੇਵ ਕੌਰ ਦੀ ਤਹਿ ਲਾ ਦਿੱਤੀ

-"ਤੂੰ ਤਾਂ ਨਮਰਦਾ, ਸ਼ਰਾਬ ਚੋਂ ਅੱਖ ਨ੍ਹੀ ਖੋਲ੍ਹਦਾ-ਮੈਂ ਤਾਂ ਕਿਤੇ ਮੱਚਣਾ ਈ ਐਂ!" ਦੁਹੱਥੜ ਮਾਰ ਕੇ ਹਰਦੇਵ ਕੌਰ ਨੇ ਸਿੱਧੀ, ਸੱਚੀ ਸੁਣਾਈ ਤਾਂ ਬਿੱਕਰ ਠਰ ਗਿਆਕਸੂਰ ਉਸ ਦਾ ਆਪਣਾ ਸੀਸੱਚੀ ਗੱਲ ਇੱਟ ਵਾਂਗ ਕਪਾਲ ਵਿਚ ਪਈ ਸੀਖ਼ੈਰ! ਇੱਕ ਤੂਫ਼ਾਨ ਆਇਆ ਸੀ, ਜੋ ਕਮਰੇ ਅੰਦਰ ਹੀ ਖ਼ੌਰੂ ਪਾ ਕੇ ਸ਼ਾਂਤ ਹੋ ਗਿਆ ਸੀ

ਬਿੱਕਰ ਨੇ ਪੈੱਗ ਲਾ ਕੇ ਸਾਰੇ ਘਰ ਵਿਚ ਭਲਵਾਨੀ ਗੇੜਾ ਦਿੱਤਾਪਰ ਵੱਡੀ ਕੁੜੀ ਉਸ ਨੂੰ ਕਿਤੇ ਨਜ਼ਰ ਨਾ ਆਈਉਹ ਡਰਾਇੰਗ-ਰੂਮ ਵਿਚ ਸੋਫ਼ੇ 'ਤੇ ਬੈਠਾ ਨਹੀਂ, ਇੱਕ ਤਰ੍ਹਾਂ ਨਾਲ ਡਿੱਗ ਹੀ ਪਿਆਵੱਡਾ ਮੁੰਡਾ ਨ੍ਹੇਰੀ ਅੰਦਰ ਆਇਆਬਿੱਕਰ ਨੇ ਮੁੰਡੇ ਨੂੰ ਬੜੀ ਗਹੁ ਨਾਲ ਤੱਕਿਆਮੁੰਡੇ ਦੇ ਮੋਢਿਆਂ ਤੱਕ ਵਾਲ ਰੱਖ ੇਹੋਏ ਸਨ ਅਤੇ ਕੰਨਾਂ ਵਿਚ ਮੁਰਕੀਆਂ ਪਾਈਆਂ ਹੋਈਆਂ ਸਨ

-"ਆਹ ਕੀ ਨਚਾਰਾਂ ਮਾਂਗੂੰ ਕੰਨਾਂ 'ਚ ਕੋਕਰੂ ਜਿਹੇ ਪਾਈ ਫਿਰਦੈਂ ਉਏ ਹਰਾਮਦਿਆ! ਸ਼ਰਮ ਨ੍ਹੀ ਆਉਂਦੀ?" ਬਿੱਕਰ ਨੇ ਕੁੜੀ ਵਾਲਾ ਗੁੱਸਾ ਮੁੰਡੇ 'ਤੇ ਕੱਢਣਾ ਚਾਹਿਆਪਰ ਮੁੰਡਾ ਅੱਗਿਓਂ 'ਅਲੀ-ਅਲੀ' ਕਰ ਕੇ ਮਗਰ ਪੈ ਗਿਆ

-"ਇਹ ਮੇਰੀ ਪ੍ਰਾਬਲਮ ਐ-ਮੈਂ ਜੋ ਚਾਹੂੰ, ਕਰੂੰ! ਰਾਈਟ? ਸਾਥੋਂ ਥੋਡੇ ਮਾਂਗੂੰ ਪੱਗੂ ਨਹੀਂ ਬੰਨ੍ਹੇ ਜਾਂਦੇ! ਜੇ ਮੇਰੀ ਕਿਸੇ ਗੱਲ 'ਚ ਇੰਟਰਫ਼ੀਅਰ ਕੀਤਾ-ਮੈਂ ਪੁਲਸ ਨੂੰ ਫ਼ੋਨ ਕਰ ਦਿਊਂ!"

-"ਬਹੁੜ੍ਹੀ ਉਏ! ਸਾਰਾ ਟੱਬਰ ਗਲ ਨੂੰ ਆਉਂਦੈ।" ਬਿੱਕਰ ਦੀ ਹਾਲਤ ਆਟੇ ਦੇ ਦੀਵੇ ਵਰਗੀ ਹੋ ਗਈ ਸੀਉਹ ਤਪਿਆ ਹੋਇਆ 'ਬੁੜ-ਬੁੜ' ਕਰਦਾ ਬਾਹਰ ਨਿਕਲ ਗਿਆਬਿੱਕਰ ਆਪਣਾ ਕਸੂਰ ਮੰਨਣ ਲਈ ਤਿਆਰ ਨਹੀਂ ਸੀ, ਜਿਸਨੇ ਸ਼ਰਾਬ ਅਤੇ ਪੈਸੇ ਨੂੰ ਮੁੱਖ ਰੱਖ ਕੇ ਆਪਣੇ ਘਰ ਅੰਦਰ ਝਾਤੀ ਨਹੀਂ ਮਾਰੀ ਸੀ

ਅਖੀਰ ਬਿੱਕਰ ਨੇ ਇੱਕ ਮੁੰਡਾ ਦੇਖ ਕੇ ਕੁੜੀ ਦਾ ਵਿਆਹ ਪੱਕਾ ਕਰ ਦਿੱਤਾਸਾਰੀ ਤਿਆਰੀ ਮੁਕੰਮਲ ਹੋ ਗਈਕਾਰਡ ਵੰਡ ਦਿੱਤੇ ਗਏਪਰ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੁੰਡੇ ਵਾਲਿਆਂ ਨੇ ਜਵਾਬ ਦੇ ਦਿੱਤਾਕਿਸੇ ਆਪਣੇ ਹੀ ਭਾਈਬੰਦ ਨੇ ਮੁੰਡੇ ਵਾਲਿਆਂ ਦੇ ਕੰਨ ਵਿਚ ਫ਼ੂਕ ਜਾ ਮਾਰੀ, "ਕੁੜੀ ਖਰਾਬ ਐ!"

ਬਿੱਕਰ ਅਤੇ ਹਰਦੇਵ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਦਿਨ ਪੱਕਾ ਕੀਤਾ ਹੋਇਆ ਸੀ, ਕਾਰਡ ਵੰਡੇ ਹੋਏ ਸਨਬਿੱਕਰ ਨੇ ਮੁੰਡੇ ਦੇ ਪਿਉ ਦੇ ਪੈਰੀਂ ਪੱਗ ਜਾ ਧਰੀਪਰ ਮੁੰਡੇ ਦੇ ਬਾਪ ਨੇ ਇੱਕੋ ਵਿਚ ਹੀ ਨਬੇੜ ਦਿੱਤੀ

-"ਬਿੱਕਰ ਸਿਆਂ! ਪੱਗ ਚੱਕ ਕੇ ਸਿਰ 'ਤੇ ਧਰਲਾ-ਮੈਥੋਂ ਨ੍ਹੀ ਦੁਨੀਆਂ ਦੀ ਜੂਠ ਨੂੰਹ ਬਣਾਈ ਜਾਣੀ।"

-"ਨਾਲੇ ਲੋਕ ਸਾਡੇ ਮੂੰਹ ਨਾਲ ਕੀ ਕਰਨਗੇ? ਲੋਕ ਸਾਡੇ ਮੂੰਹ 'ਚ ਛਿੱਤਰ ਨਾ ਦੇਣਗੇ? ਤੂੰ ਤਾਂ ਗਿੱਠ ਲੀਰ ਸਾਡੇ ਪੈਰਾਂ ਤੇ ਆ ਸਿੱਟੀ-ਜਿਮੇਂ ਪਟਿਆਲੇ ਆਲੇ ਰਾਜੇ ਦਾ ਤਾਜ ਹੁੰਦੈ।" ਮੁੰਡੇ ਦੀ ਮਾਂ ਨੇ ਲੰਬੀ ਬਾਂਹ ਕਰਕੇ ਕਿਹਾ ਤਾਂ ਬਿੱਕਰ ਮਿੱਟੀ ਹੋ ਗਿਆ

-"ਸਰਦਾਰਾ! ਮੇਰੀ ਇੱਜ਼ਤ ਦਾ ਸੁਆਲ ਐ।" ਬਿੱਕਰ ਨੇ ਆਖਰੀ ਤਰਲਾ ਭਰਿਆ, "ਮਾਰ ਚਾਹੇ ਰੱਖ!"

-"ਤੇਰੀ ਇੱਜਤ ਕਾਹਦੀ ਰਹਿਗੀ? ਤੁਰਕ ਨੇ ਉਹਨੂੰ ਕਿਹੜੇ ਪਾਸਿਓਂ ਕੁਆਰੀ ਛੱਡਿਆ ਹੋਊ? ਜਿਹੜਾ ਨਿੱਤ ਕੁੜੀ ਨਾਲ ਰਾਤਾਂ ਕੱਟਦੈ।"

-"ਥੋਡੀ ਖਾਤਰ ਅਸੀਂ ਆਬਦੀ ਖੇਹ ਕਰ ਲਈਏ?" ਬੁੜ੍ਹੀ ਜਿ਼ਆਦਾ ਤੱਤੀ ਸੀ, "ਥੋਡੀ ਇੱਜਤ ਦੇ ਤਾਂ ਲੋਕੀਂ ਗੁਣ ਗਾਉਂਦੇ ਨ੍ਹੀ ਥੱਕਦੇ-ਮਾਂ ਧੀ ਨੇ ਥਾਂ-ਥਾਂ ਖਸਮ ਕੀਤੇ ਵੇ ਐ।" ਬੁੜ੍ਹੀ ਫ਼ੱਟ 'ਤੇ ਅੱਕ ਚੋਅ ਰਹੀ ਸੀ

-"ਲੋਕ ਤਾਂ ਕੁੜਮਣੀਏਂ, ਚਾਰ ਦਿਨ ਭੌਂਕ ਕੇ ਚੁੱਪ ਹੋ ਜਾਣਗੇ।" ਬਿੱਕਰ ਜਿਵੇਂ ਖੂਹ ਵਿਚੋਂ ਬੋਲਿਆ ਸੀ, "ਪਿੱਛੋਂ ਸਾਰਾ ਕੁਛ ਸਾਅਵਾਂ ਹੋ ਜਾਂਦੈ।"

-"ਬਿੱਕਰਾ, ਤੂੰ ਈ ਐਂ ਜਿਹੜਾ ਸੁਣ ਕੇ ਚੁੱਪ ਹੋ ਜਾਨੈਂ-ਸਾਥੋਂ ਕਿਸੇ ਦੀ ਜਾਹ ਜਾਂਦੀ ਹੋਜੂ-ਬਾਧੂ ਨਰੜੀ ਦੇ ਮਰਜਾਂਗੇ-ਜਾਹ, ਜਾਹ ਮੇਰਾ ਵੀਰ ਕੋਈ ਹੋਰ ਟਿਕਾਣਾ ਕਰ-ਝੋਟੇ ਆਲਿਆਂ ਦੇ ਘਰੋਂ ਲੱਸੀ ਨਾ ਮੰਗ।" ਮੁੰਡੇ ਦੇ ਪਿਉ ਨੇ ਬਿੱਕਰ ਨੂੰ ਬਾਂਹੋਂ ਫੜ ਬਾਹਰ ਕੱਢ ਦਿੱਤਾਉਹ ਠਿੱਬੇ ਜਿਹੇ ਘੜ੍ਹੀਸਦਾ ਪਰਤ ਆਇਆ

ਗੱਲ ਬਿੱਕਰ ਜਿੰਨੀ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਤਨੀ ਹੀ ਬੁੱਕ ਵਿਚੋਂ ਪਾਣੀ ਵਾਂਗ ਡੁੱਲ੍ਹਦੀ ਜਾਂਦੀ ਸੀ

ਸ਼ਾਮ ਨੂੰ ਬਿੱਕਰ ਡਰਾਇੰਗ-ਰੂਮ ਵਿਚ ਬੈਠਾ ਪੀ ਰਿਹਾ ਸੀਸੋਚਾਂ ਦੀ ਘੋੜ-ਦੌੜ ਨੇ ਉਸ ਨੂੰ ਦਧਨ ਕਰ ਰੱਖਿਆ ਸੀਅਚਾਨਕ ਦੁਕਾਨਦਾਰ ਧਾਲੀਵਾਲ ਦਾਲਾਂ-ਮਸਾਲੇ ਦੇਣ ਆ ਗਿਆਬਿੱਕਰ ਦਾ ਉਤਰਿਆ ਹੋਇਆ ਮੂੰਹ ਦੇਖ ਕੇ ਉਸ ਨੇ ਪੁੱਛਿਆ, "ਕਿਮੇਂ ਬਾਬਿਓ ਢਿੱਲੇ ਜਿਹੇ ਬੈਠੇ ਐਂ?" ਤਾਂ ਬਿੱਕਰ ਨੇ ਉਸ ਨਾਲ ਚੰਗੀ ਬੁੱਕਲ ਖੁੱਲ੍ਹੀ ਹੋਣ ਕਾਰਨ ਸਾਰੀ ਗੱਲ ਸਾਹਮਣੇ ਰੱਖ ਦਿੱਤੀ

ਧਾਲੀਵਾਲ ਸੋਚੀਂ ਪੈ ਗਿਆ

-"ਕੁੜੀ ਕੋਲੇ ਸਿਟੀਜ਼ਨਸ਼ਿੱਪ ਕਿਹੜੀ ਐ?"

-"ਆਸਟਰੀਅਨ ਐਂ।"

-"ਕੋਈ ਲੋੜਵੰਦ ਮੁੰਡਾ ਦੇਖ ਕੇ ਭੁਆਟਣੀਆਂ ਦੇ ਦਿਓ-ਪੱਕੇ ਹੋਣ ਦੇ ਲਾਲਚ ਨੂੰ ਵੀਹ ਅੱਗੇ ਲੱਗ ਤੁਰਨਗੇ।"

-"ਤੇਰੀ ਨਿਗਾਹ 'ਚ ਹੈ ਕੋਈ? ਮੇਰੇ ਤਾਂ ਔਸਾਣ ਈ ਮਾਰੇ ਪਏ ਐ।" ਬਿੱਕਰ ਨੇ ਪੈੱਗ ਸੂਤਦਿਆਂ ਕਿਹਾ

-"ਦੇਖ ਲਵਾਂਗੇ।"

-"ਦੇਖ ਲਵਾਂਗੇ ਨ੍ਹੀ! ਵਿਆਹ ਦੇ ਦਿਨ 'ਚ ਸਾਰੇ ਈ ਪੰਜ ਦਿਨ ਐਂ-ਕੁਛ ਕਰ-ਚਾਹੇ ਕੋਈ ਲੂਲ੍ਹਾ-ਲੰਗੜ੍ਹਾ ਈ ਦੇਖਲਾ।"

-"ਮੈਂ ਸਵੇਰੇ ਤੈਨੂੰ ਫ਼ੋਨ ਕਰੂੰ।" ਧਾਲੀਵਾਲ ਤੁਰ ਗਿਆ

ਅਗਲੇ ਦਿਨ ਧਾਲੀਵਾਲ ਦਾ ਫ਼ੋਨ ਆ ਗਿਆਮੁੰਡਾ ਉਸ ਨੇ ਦੇਖ ਲਿਆ ਸੀਪੱਕ ਕਰ ਲਿਆ ਸੀਬਿੱਕਰ ਨੇ ਖੁਸ਼ੀ ਵਿਚ ਛਾਲ ਮਾਰੀਅਸਲ ਵਿਚ ਮੁੰਡਾ ਧਾਲੀਵਾਲ ਦੇ ਦੂਰ-ਨੇੜਿਓਂ ਰਿਸ਼ਤੇ ਵਿਚੋਂ ਹੀ ਸੀਗੱਲ ਫ਼ੈਲੀ ਹੋਣ ਕਰਕੇ ਮੁੰਡੇ ਨੇ ਤੋਕੜ ਮੱਝ ਵਾਂਗ ਲੱਤ ਤਾਂ ਚੁੱਕੀ, ਪਰ ਧਾਲੀਵਾਲ ਦੇ ਸਮਝਾਊ ਬੋਲਾਂ ਨਾਲ ਲੱਤ ਫਿਰ ਲਾ ਲਈ

"ਸਾਲਿਆ, ਵਿਆਹ ਕਰਵਾ ਕੇ ਸੈੱਟ ਹੋਣ ਦੀ ਕਰ-ਖਾਂਦੀ ਕਮਾਉਂਦੀ ਕੁੜੀ ਤੈਨੂੰ ਕਿਤੋਂ ਮਿਲਣੀ ਐਂ? ਸੈੱਟ ਹੋ ਕੇ ਜਦੋਂ ਮਰਜੀ ਐ ਛੱਡਦੀਂ-ਕੋਈ ਬਾਨ੍ਹ ਐਂ? ਨਾਲੇ ਚਾਰ ਦਿਨ ਰਜਾਈ ਤੱਤੀ ਰਹੂ!"

ਖ਼ੈਰ! ਧਾਲੀਵਾਲ ਵਿਚੋਲਾ ਬਣਿਆਂ, ਸ਼ਾਦੀ ਹੋ ਗਈਸ਼ਾਦੀ ਵੀ ਕਾਹਦੀ ਹੋਈ? 'ਜੈ-ਮਾਲਾ' ਪਾ ਕੇ ਰਵਾਇਤ ਜਿਹੀ ਪੂਰੀ ਕਰ ਦਿੱਤੀ ਅਤੇ ਕਾਗਜ਼ਾਂ ਵਿਚ ਵਿਆਹ ਰਜਿਸਟਰ ਕਰਵਾ ਦਿੱਤਾ, ਕੁੜੀ ਤੋਰ ਦਿੱਤੀ ਗਈ

ਅਜੇ ਵਿਆਹ ਨੂੰ ਕੁਝ ਦਿਨ ਹੀ ਬੀਤੇ ਸਨ ਕਿ ਬਿੱਕਰ ਦੀ ਜਿ਼ੰਦਗੀ ਦੇ ਰਾਹ ਵਿਚ ਇੱਕ ਹੋਰ ਭਾਰਾ ਪੱਥਰ ਆ ਡਿੱਗਿਆਛੋਟੀ ਕੁੜੀ ਰਣਧੀਰ ਕਿਸੇ ਕਿਰਾਏਦਾਰ ਪਾਕਿਸਤਾਨੀ ਮੁੰਡੇ ਨਾਲ ਤੁਰ ਗਈਲੋਕਾਂ ਗੱਲ ਹੋਰ ਚੁੱਕ ਲਈ, "ਸਾਲਾ ਸਾਰਾ ਆਵਾ ਈ ਊਤਿਐ?" ਪਰ ਬਿੱਕਰ ਧੁਰੋਂ ਹਿੱਲ ਗਿਆਦਾਰੂ 'ਚ ਧੁੱਤ ਹੋ ਕੇ ਉਸ ਨੇ ਹਰਦੇਵ ਕੌਰ 'ਝੰਬ' ਦਿੱਤੀਪਰ ਹਰਦੇਵ ਕੌਰ ਦਾ ਇਸ ਵਿਚ ਕਸੂਰ ਕੋਈ ਨਹੀਂ ਸੀਉਹ ਚੁੱਪ-ਚਾਪ ਕੁੱਟ ਸਹਿ ਗਈ ਸੀਕਦੇ-ਕਦੇ ਕਮਰੇ ਅੰਦਰ ਹੀ ਹਨ੍ਹੇਰ-ਗਰਦ ਉਠਦੀ ਅਤੇ ਕੁਝ ਪਲ ਝੁੱਲ ਕੇ ਅੰਦਰੇ ਅੰਦਰ ਹੀ ਸ਼ਾਂਤ ਹੋ ਜਾਂਦੀ

ਇੱਕ ਹਫ਼ਤਾ ਤਾਂ ਗੱਲ ਗੁਪਤ ਹੀ ਰੱਖੀ ਗਈਪਰ ਜਦੋਂ ਕੁੜੀ ਸ਼ਹਿਰ ਵਿਚ ਉਸ ਪਾਕਿਸਤਾਨੀ ਮੁੰਡੇ ਦੀਆਂ ਬਾਂਹਾਂ ਵਿਚ ਬਾਂਹਾਂ ਪਾ ਕੇ ਸ਼ਰੇਆਮ ਘੁੰਮਣ ਲੱਗ ਪਈ ਤਾਂ ਧੂੰਆਂ ਰੋਲ ਹੋ ਗਿਆ

ਬਿੱਕਰ ਨੇ ਕਈ ਮੂੰਹ-ਮੱਥੇ ਲੱਗਦੇ ਦੇਸੀ ਬੰਦੇ ਇਕੱਠੇ ਕਰਕੇ, ਜਾ ਕੇ ਉਸ ਪਾਕਿਸਤਾਨੀ ਮੁੰਡੇ ਕਾਦਰ ਹੁਸੈਨ ਨਾਲ ਗੱਲ ਕੀਤੀ ਤਾਂ ਉਸ ਨੇ ਬੜੇ ਹੀ ਸਲੀਕੇ ਨਾਲ ਉੱਤਰ ਦਿੱਤਾ

-"ਅੱਲਾ ਤਾਲਾ ਦੀ ਕਸਮ ਈ, ਚਾਚਾ-ਮੈਂ ਇਸ ਨੂੰ ਉੱਕਾ ਨਹੀਂ ਜੇ ਲੈ ਕੇ ਆਇਆ-ਸਗੋਂ ਇਹ ਖੁਦ ਈ ਪਈ ਆਈ ਏ-ਪੁੱਛ ਲਵੋ ਜੇ ਕਸਮ ਦੇ ਕੇ-ਅਗਰ ਜਾਂਦੀ ਏ ਤੇ ਇੰਛਾ-ਆਲਾ ਲੈ ਜਾਵੋ-ਮਜ਼ਹਬ ਦੀ ਕਸਮ ਕਸਮ ਏ, ਮੈਂ ਇਸ ਦੇ ਪਿੱਛੇ ਨਹੀਂ ਪਿਆ ਆਵਾਂਗਾ।" ਸਾਰੇ ਹੀ ਨਿਮਾਣੇ ਜਿਹੇ ਹੋ ਕੇ ਕੁੜੀ ਰਣਧੀਰ ਦੀਆਂ ਮਿੰਨਤਾਂ ਕਰਨ ਲੱਗ ਪਏਪਰ ਕੁੜੀ ਨੇ ਭੌਣ ਤੋਂ ਹੀ ਲਾਹ ਦਿੱਤੀ

-"ਮੈਂ ਨਹੀਂ ਜਾਣਾ, ਜੋਰ ਲਾਲੋ-ਬਾਹਲੀ ਚੀਂ ਫ਼ੀਂ ਕਰੋਗੇ, ਪੁਲੀਸ ਨੂੰ ਫ਼ੋਨ ਕਰਦੂੰ-ਮੈਂ ਬਾਲਗ ਹੋ ਗਈ ਆਂ!"

ਠਠੰਬਰੇ ਜਿਹੇ ਸਾਰੇ ਵਾਪਿਸ ਆ ਗਏ

ਹਰਦੇਵ ਕੌਰ ਨੇ ਦੋ-ਚਾਰ ਸਿਆਣੀਆਂ ਬੁੜ੍ਹੀਆਂ ਇਕੱਠੀਆਂ ਕੀਤੀਆਂ ਅਤੇ ਕਾਦਰ ਹੁਸੈਨ ਦੇ ਕਮਰੇ ਵਿਚ ਜਾ ਅਲਖ ਜਗਾਈ

-"ਡੋਬਾ ਪੈਜੇ, ਕੀ ਬੂ-ਬੂ ਕਰਵਾਈ ਐ ਕੁੜ੍ਹੇ? ਮਾਂ ਪਿਉ ਦੀ ਇੱਜਤ ਵੱਲੀਂ ਤਾਂ ਦੇਂਹਦੀ ਤੂੰ!" ਗਿਆਨਣ ਤਾਈ ਨੇ ਰਣਧੀਰ ਨੂੰ ਸੰਬੋਧਨ ਹੁੰਦਿਆਂ ਕਿਹਾ

-"ਕਿਹੜੇ ਮਾਂ ਪਿਉ, ਤਾਈ? ਜਿਹੜੀ ਮਾਂ ਦਿਨ ਦਿਹਾੜ੍ਹੇ ਯਾਰ ਹੰਢਾਉਂਦੀ ਐ ਤੇ ਪਿਉ ਦਾਰੂ 'ਚ ਗੁੱਟ ਰਹਿੰਦੈ?" ਕੁੜੀ ਇੱਟ 'ਚ ਪੱਥਰ ਹੋ ਕੇ ਵੱਜੀ ਤਾਂ ਸਾਰਿਆਂ ਦੇ ਮੂੰਹ ਠਾਕੇ ਗਏ

-"ਮੈਂ ਕੀ ਖੂਹ ਪੱਟਤਾ?" ਹਰਦੇਵ ਕੌਰ ਕੁਰਲਾਈ

-"ਹੋਰ ਕੀ ਘੱਟ ਕਰਦੀ ਐਂ?" ਕੁੜੀ ਅੱਗੋਂ ਪਈ

ਗਿਆਨਣ ਤਾਈ ਨੇ ਹਰਦੇਵ ਕੌਰ ਨੂੰ ਤਾੜਿਆ

-"ਬੋਲੀਂ ਨਾ! ਮੈਂ ਬੂਥਾ ਭੰਨਦੂੰ-ਲੱਗਪੀ ਕੁੱਤੇ ਮਾਂਗੂੰ ਟਊਂ-ਟਊਂ ਕਰਨ!" ਫਿਰ ਕੁੜੀ ਵੱਲ ਨੂੰ ਹੋ ਕੇ ਆਖਣ ਲੱਗੀ, "ਚੱਲ ਕੋਈ ਨਾ ਧੀਰ ਪੁੱਤ! ਤੂੰ ਸਿਆਣੀ ਐਂ ਕੁੜ੍ਹੇ-ਇਹੇ ਅਨਪੜ੍ਹ ਗਵਾਰ ਤੇ ਤੂੰ ਪੜ੍ਹੀ ਲਿਖੀ-ਤੇਰੇ ਨਾਲ ਰਲਗੇ ਇਹੇ? ਤੂੰ ਪੁੱਤ ਹੋਸ਼ ਕਰ-ਫੇਰ ਵੀ ਤੇਰੇ ਮਾਂ ਪਿਉ ਐ-ਚਾਹੇ ਕਿੰਨੇ ਵੀ ਬੁਰੇ ਹੋਣ-ਮਾਂ ਬਾਪ, ਮਾਂ ਬਾਪ ਈ ਰਹਿੰਦੇ ਹੁੰਦੇ ਐ ਧੀਏ ਰਾਣੀਏਂ!"

ਕੁੜੀ ਠੰਢੀ ਹੋ ਗਈ

ਉਹਨਾਂ ਦੇ ਬੈਠੀਆਂ ਤੋਂ ਕਾਦਰ ਹੁਸੈਨ ਵੀ ਆ ਗਿਆਉਸ ਨੇ ਆਉਣਸਾਰ "ਅੱਸਲਾਮਾ-ਲੇਕੁਮ" ਕਿਹਾ ਤਾਂ ਬੁੜ੍ਹੀਆਂ ਨੇ ਸਕੂਲੀ ਬੱਚਿਆਂ ਵਾਂਗ ਇਕੱਠਿਆਂ ਹੀ "ਬਾਲੇਕੁਮ-ਸਲਾਮ" ਦਾ ਉੱਤਰ ਮੋੜਿਆ

-"ਵੇ ਕਾਦਰਾ! ਤੂੰ ਚੰਗੀ ਕੀਤੀ ਭਾਈ? ਤੂੰ ਵੀ ਸੁੱਖ ਨਾਲ ਧੀਆਂ ਭੈਣਾਂ ਆਲੈਂ-ਆਹ ਕੀ ਕਮਲ ਮਾਰਿਆ ਤੂੰ?" ਤਾਈ ਬੋਲੀ

-"ਤਾਈ ਜਾਨ! ਮੈਨੂੰ ਅੱਲਾਹ ਦੀ ਕਸਮ-ਮੈਂ ਅੱਗੇ ਵੀ ਅਰਜ਼ ਕਰ ਚੁੱਕਾ ਵਾਂ ਕਿ ਮੈਂ ਇਹਨੂੰ ਛਿੱਕ ਕੇ ਨਹੀਂ ਜੇ ਲੈ ਕੇ ਆਇਆ-ਰੱਬ ਅੱਗੇ ਜਾਨ ਦੇਣੀਂ ਜੇ-ਇਹ ਖੁਦ ਪਈ ਆਈ ਏ-ਜੇ ਜਾਂਦੀ ਏ ਤਾਂ ਇੰਛਾ-ਆਲਾ ਬੜੀ ਖੁਸ਼ੀ ਨਾਲ ਲੈ ਜਾਵੋ-ਮੈਨੂੰ ਕੋਈ ਇਤਰਾਜ਼ ਨਹੀਂ ਜੇ।" ਕਹਿ ਕੇ ਕਾਦਰ ਬਰੀ ਹੋ ਗਿਆ

-"ਲੈ ਧੀਰ ਪੁੱਤ! ਹੁਣ ਤਾਂ ਕਾਦਰ ਨੇ ਵੀ ਆਖਤਾ।"

-"ਇਤਨਾ ਹੱਠ ਨਹੀਂ ਜੇ ਕਰੀਦਾ, ਭੈਣਾਂ!" ਸ਼ਮੀਮ ਨੇ ਆਖਿਆ, "ਜੋ ਹੋ ਗਿਆ-ਮਿੱਟੀ ਪਏ ਪਾਓ!"

-"ਤੈਨੂੰ ਘਰੇ ਕੋਈ ਕੁਛ ਨਹੀਂ ਆਖਦਾ।"

-"ਆਖੂ ਕਿਵੇਂ? ਪੁਲੀਸ ਕਾਹਦੇ ਲਈ ਐ?" ਕੁੜੀ ਭਬਕੀ

-"ਚੱਲ ਪੁੱਤ! ਹਿੰਡ ਨ੍ਹੀ ਕਰੀਦੀ।"

-"ਚੱਲ ਤਾਂ ਤਾਈ ਜੀ ਮੈਂ ਵੜੂੰ-ਪਰ ਇਹ ਆਬਦਾ ਨਿੱਤ ਦਾ ਕੰਜਰਖਾਨਾ ਬੰਦ ਕਰਨ।"

-"ਕਾਹਦਾ ਕੰਜਰਾਨਾ, ਧੀਰ ਪੁੱਤ?"

-"ਲੜਾਈ ਝਗੜਾ-ਘਰੇ ਮੇਰਾ ਦਮ ਘੁੱਟਦੈ।"

-"ਨਹੀਂ ਕਰਦੇ ਝਗੜਾ ਮਾਂ ਮੇਰੀਏ! ਹੁਣ ਤਾਂ ਤੁਰਪਾ!" ਹਰਦੇਵ ਕੌਰ ਨੇ ਹੱਥ ਜੋੜ ਕੇ ਦੁਹਾਈ ਦਿੱਤੀ

-"ਤੂੰ ਕਿਉਂ ਬੱਕ-ਬੱਕ ਕਰੀ ਜਾਨੀਂ ਐਂ ਗੱਦਾਂ ਯੱਧੀਏ, ਹੈਂ?" ਤਾਈ, ਹਰਦੇਵ ਕੌਰ ਨੂੰ ਕੁਦਾੜ ਕੇ ਪਈਫਿਰ ਰਣਧੀਰ ਵੱਲ ਨੂੰ ਰੁੱਖ ਕਰ ਲਿਆ

-"ਮੈਂ ਜਿਉਂ ਬੈਠੀ ਐਂ-ਚੱਲ ਤਾਂ ਸਹੀ ਧੀਏ! ਮਜ਼ਾਲ ਐ ਜੇ ਸਾਹ ਵੀ ਕੱਢ ਜਾਣ ਤਾਂ!"

ਰਣਧੀਰ ਅਟੈਚੀ ਵਿਚ ਕੱਪੜੇ ਪਾਉਣ ਲੱਗ ਪਈਅਸਲ ਵਿਚ ਰਣਧੀਰ ਵੀ ਕਾਦਰ ਤੋਂ ਤੰਗ ਆ ਚੁੱਕੀ ਸੀਕਿਉਂਕਿ ਸਾਰਾ ਰੋਟੀ-ਪਾਣੀ, ਚੱਕਣ-ਧਰਨ ਦਾ ਉਸੇ ਨੂੰ ਹੀ ਕਰਨਾ ਪੈਂਦਾ ਸੀਘਰੇ ਤਾਂ ਕਦੇ ਉਸ ਨੇ ਮਾਂ ਦੇ ਸਿਰ 'ਤੇ ਡੱਕਾ ਦੂਹਰਾ ਨਹੀਂ ਕੀਤਾ ਸੀਪਹਿਲਾਂ ਪਹਿਲਾਂ ਤਾਂ ਉਸ ਨੂੰ ਕਾਦਰ ਨਾਲ ਰਹਿਣ ਦਾ ਬੜਾ ਹੀ ਚਾਅ ਸੀਉਹ ਬਣ-ਠਣ ਕੇ ਉਸ ਨਾਲ ਤੁਰਦੀ ਫਿਰਦੀਅਸ਼ਲੀਲ ਹਰਕਤਾਂ ਕਰਕੇ ਨਗਨ ਹਾਲਤ ਵਿਚ ਫ਼ੋਟੋ ਖਿਚਵਾਉਂਦੀ, ਮੂਵੀ ਬਣਵਾਉਂਦੀਪਰ ਹੁਣ ਤਾਂ ਉਸ ਦੇ ਨੱਕ ਵਿਚ ਦਮ ਆ ਚੁੱਕਾ ਸੀਸਾਰੀ ਸਫ਼ਾ-ਸਫ਼ਾਈ ਤੋਂ ਬਾਅਦ ਰੋਟੀ-ਪਾਣੀ ਬਣਾਉਣਾ ਅਤੇ ਫਿਰ ਸ਼ਾਮ ਨੂੰ ਕਾਦਰ ਆ ਕੇ, ਦਾਰੂ ਪੀ ਕੇ ਕੁੜੀ ਨੂੰ ਸਾਰੀ-ਸਾਰੀ ਰਾਤ 'ਹਲਾਲ' ਕਰਦਾ ਰਹਿੰਦਾਕਾਦਰ, ਰਣਧੀਰ ਤੋਂ ਪੂਰੇ ਸਤਾਰਾਂ ਵਰ੍ਹੇ ਵੱਡਾ ਸੀਇੱਕ ਨਿੱਗਰ ਕਿਸਮ ਦਾ ਬਣਿਆ-ਤਣਿਆ ਮਾਨੁੱਖ! ਰਣਧੀਰ ਨੇ ਕਈ ਵਾਰ ਘਰ ਪਰਤਣ ਦੀ ਸੋਚੀ, "ਪਰ ਕਿਹੜੇ ਮੂੰਹ ਨਾਲ?" ਸੋਚ ਕੇ ਉਹ ਕਤਲਗਾਹ ਵਿਚ ਹੀ 'ਹਲਾਲ' ਹੁੰਦੀ ਰਹੀ

ਰਣਧੀਰ ਨੇ ਕੱਪੜੇ ਅਟੈਚੀ ਵਿਚ ਪਾ ਲਏ

-"ਚੱਲ ਭਾਈ ਕਾਦਰਾ-ਸਾਨੂੰ ਘਰੇ ਛੱਡ ਕੇ ਆ!" ਤਾਈ ਦੇ ਕਹਿਣ 'ਤੇ ਕਾਦਰ ਕਾਰ ਦੀਆਂ ਚਾਬੀਆਂ ਲੈ ਕੇ ਅੱਗੇ ਲੱਗ ਤੁਰਿਆ

ਜਦ ਉਹ ਘਰੇ ਪਹੁੰਚੀਆਂ ਤਾਂ ਬਿੱਕਰ ਦਾਰੂ ਨਾਲ ਟੁੰਨ ਹੋਇਆ, 'ਧੋਬੀ ਦੇ ਕੁੱਤੇ' ਵਾਂਗ ਸੈਟੀ 'ਤੇ ਕੰਨ ਜਿਹੇ ਸੁੱਟੀ ਪਿਆ, ਘੁਰਾੜ੍ਹੇ ਮਾਰ ਰਿਹਾ ਸੀ

Monday, December 22, 2008

ਕਹਾਣੀ: ਬਚਨ ਬਿਲਾਸ

ਬਚਨ ਬਿਲਾਸ
ਕਹਾਣੀ

ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ। ਇਸ ਛਾਂ ਵਿਚ ਇਤਨਾ ਜਾਦੂ ਸੀ ਕਿ ਸਾਰੇ ਜ਼ਾਤ-ਪਾਤ ਦੇ ਅਰਥ ਭੁੱਲ ਜਾਂਦੇ। ਬੱਸ! ਚੇਤੇ ਰਹਿ ਜਾਂਦਾ, ਹੱਸਣਾ-ਖੇਡਣਾ ਅਤੇ ਲੱਤੋ-ਲੱਤੀ ਹੋਣਾ।
-"ਉਏ ਆ ਬਈ ਬੀਘੜਾ ਕੀ ਹਾਲ ਐ?" ਬਚਿੰਤਾ ਬੁੜ੍ਹਾ ਪੁੱਛਦਾ।
-"ਲੋਟ ਐ ਬਾਬਾ!"
-"ਬੀਘੜਾ! ਮੱਲਾ ਇੱਕ ਗੱਲ ਪੁੱਛਾਂ?"
-"ਬਾਬਾ ਕੋਈ ਪੁੱਠੀ ਗੱਲ ਨਾ ਕਰੀਂ।"
-"ਹੈ ਕਮਲਾ! ਪੁੱਠੀ ਗੱਲ ਕਿਉਂ ਕਰੂੰ?"
-"ਪੁੱਛ ਬਾਬਾ ਫੇਰ!"
-"ਅੱਜ ਤੇਰੀ ਬੇਬੇ ਫ਼ੁਲਕਾਰੀ ਉਤੇ ਲੈ ਕੇ ਵੀਹੀਆਂ 'ਚ ਕਾਹਤੋਂ ਗੇੜੇ ਦਿੰਦੀ ਫਿਰਦੀ ਸੀ? ਦੇਖਿਓ ਮੱਲੋ ਕਿਤੇ ਥੋਡਾ ਚੁੱਲ੍ਹਾ ਨਾ ਠੰਢਾ ਕਰਜੇ?"
ਹਾਸੜ ਪੈ ਗਈ।
-"ਬਾਬਾ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੀੰ ਕੋਈ ਲੁੱਚੀ ਗੱਲ ਈ ਕਰੇਂਗਾ।"
-"ਮੱਲਾ-ਪੁੱਛਣ 'ਚ ਕੋਈ ਹਰਜ ਤਾਂ ਨ੍ਹੀ?"
-"ਉਏ ਬਾਬਾ! ਕਿਉਂ ਮਗਜ ਮਾਰੀਆਂ ਕਰਦਾ ਹੁੰਨੈਂ? ਮੇਰੀ ਬੇਬੇ ਦੇ ਤਾਂ ਛਪਾਕੀ ਲਿੱਕਲੀ ਵੀ ਸੀ-ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈਣ ਗਈ ਹੋਊ।"
-"ਪਰ੍ਹਭਾਂ ਦੀ ਖ਼ੈਰ ਹੋਵੇ---!" ਬਾਬੂ ਮਰਾਸੀ ਖੱਚਰ ਲੈ ਕੇ ਆ ਗਿਆ।
-"ਪਰ੍ਹਭਾ-ਖੱਚਰ ਦੇ ਦੋ ਪੈਰ ਦਿਖਾ!"
-"ਨਹੀਂ ਪਰ੍ਹਭਾ! ਮੇਰਾ ਸੰਦ ਜਿਆ ਬਣਿਆ ਵਿਐ-ਰਹਿਣ ਦਿਓ ਦੋ ਪੈਰ ਦੇਖਣ ਨੂੰ-ਖੱਚਰ ਮਾੜੀ ਐ-ਨਾ ਮੇਰੇ ਬੀਰ ਡਿੱਗਪੂਗੀ।"
-"ਨਹੀਂ ਪਰ੍ਹਭਾ-ਇਹਦੇ ਦੋ ਪੈਰ ਜਰੂਰ ਦੇਖਣੇ ਐਂ-ਨਹੀਂ ਐਤਕੀਂ ਲਾਂਗਾ ਨ੍ਹੀ ਦੇਣਾ-ਫੇਰ ਹਾੜ੍ਹੇ ਨਾ ਕੱਢੀਂ-ਦੇਖ ਲੈ!"
ਬਾਬੂ ਮਰਾਸੀ ਨੇ ਖੱਚਰ ਦੇ ਅੱਡੀ ਮਾਰੀ। ਟੈਰ ਵਿਚਾਰੇ ਦੀ ਮਾੜੀ ਸੀ, ਮੋਸ਼ਨ ਫੜਨ ਦੀ ਵਜਾਏ, ਥਾਂ 'ਤੇ ਹੀ "ਦਾਅੜ" ਕਰਦੀ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪਿਆ, "ਲਓ ਖਸਮੋਂ! ਚਾਰੇ ਪੈਰ ਈ ਦੇਖ ਲਓ!" ਟੈਰ ਦੀਆਂ ਚਾਰੇ ਟੰਗਾਂ ਹੀ ਉਤਾਂਹ ਹੋ ਗਈਆਂ ਸਨ।
-"ਉਏ ਸੱਘਿਆ! ਤੂੰ ਕਿਮੇਂ ਬੁੜ-ਬੁੜ ਕਰਦਾ ਆਉਨੈਂ?" ਕਿਸੇ ਨੇ ਅਮਲੀ ਨੂੰ ਪੁੱਛਿਆ।
-"ਕਾਹਦੀ ਗੱਲ ਐ ਯਾਰ? ਦਲੀਪ ਛੀਂਬੇ ਨੇ ਨਮੀਂ ਹੱਟੀ ਪਾਈ ਐ ਨਾ?"
-"ਆਹੋ!"
-"ਪਰਸੋਂ ਦਾ ਕੋਈ ਗਾਹਕ ਨ੍ਹੀ ਆਇਆ-ਤੇ ਭਾਈ ਮੈਂ ਪੰਜ ਸੇਰ ਕਣਕ ਲੈ ਕੇ ਜਾ ਫ਼ਸਿਆ-ਪੂਰੀ ਪੰਜ ਸੇਰ ਕਣਕ ਤੁਲਵਾ ਕੇ ਮੈਂ ਪੁੱਛਿਆ: ਕਿੰਨੇ ਦੀ ਐ? ਕਹਿੰਦਾ ਅਖੇ ਪੰਜ ਆਨੇ ਦੀ-ਮੈਂ ਕਿਹਾ ਕੁੱਤੀਏ ਜਾਤੇ! ਪਸੇਰੀ ਕਣਕ ਪੰਜ ਆਨੇ ਦੀ ਕਿਮੇਂ? ਤੇ ਮੈਨੂੰ ਬਣਾ ਸਮਾਰ ਕੇ ਕਹਿੰਦਾ ਅਖੇ ਮੈਂ ਵੀ ਪਰਸੋਂ ਦਾ ਵਿਹਲਾ ਬੈਠੈਂ-ਤੈਥੋਂ ਈ ਪੂਰੇ ਕਰਨੇ ਐਂ-ਤੇ ਚੱਕ ਮੇਰੇ ਭਾਈ! ਪਸੇਰੀ ਕਣਕ ਨੂੰ ਉੜਦੂ ਲਾ ਗਿਆ-ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾਹ ਲਿਆ---!"
-"ਉਏ ਕਬੀਛਰਾ!" ਨਹਿੰਗ ਸਿੰਘ ਨੇ ਛੋਟੇ ਬਹਿਵਤੀ ਨੂੰ ਕਿਹਾ। ਬਹਿਵਤੀ ਤੁਕਾਂ ਜੋੜਨ ਵਿਚ ਬੜਾ ਮਾਹਿਰ ਸੀ। ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ 'ਕਵੀਸ਼ਰ' ਕਹਿੰਦੇ ਸਨ।
-"ਹਾਂ ਬਾਬਾ?"
-"ਗੱਜਣ ਤੇ ਬਾਰੂ 'ਕੱਠੇ ਤੁਰੇ ਆਉਂਦੇ ਐ-ਇਹਨਾਂ 'ਤੇ ਕਬੀਛਰੀ ਜੋੜ!"
-"ਨਾ ਬਈ-ਕੁੱਟਣਗੇ!"
ਅਸਲ ਵਿਚ ਗੱਜਣ ਦਾ ਦਾਹੜਾ ਬੜਾ ਭਰਵਾਂ ਸੀ। ਸਾਰੇ ਮੂੰਹ 'ਤੇ ਅੱਖਾਂ ਤੱਕ ਫ਼ੈਲਰਿਆ ਹੋਇਆ। ਪਰ ਇਸ ਦੇ ਬਿਲਕੁਲ ਉਲਟ ਬਾਰੂ ਸੱਠਾਂ ਸਾਲਾਂ ਦਾ ਹੋ ਗਿਆ ਸੀ, ਪਰ ਉਸ ਦੇ ਕੁਦਰਤੀਂ ਦਾਹੜੀ ਹੀ ਨਹੀਂ ਆਈ ਸੀ। ਲੰਕਾ ਦਾ ਚੋਰ ਲੱਗਦਾ ਸੀ।
-"ਅਸੀਂ ਬੈਠੇ ਐਂ-ਜਮਾਂ ਨ੍ਹੀ ਕੁਛ ਆਖਣ ਦਿੰਦੇ-ਬਣ ਕੇਰਾਂ ਮੱਲ!"
-"ਜਲਦੀ ਕਰ! ਡਰਦਾ ਕਾਹਤੋਂ ਐਂ?" ਕਹਿਣ 'ਤੇ ਬਹਿਵਤੀ ਨੇ ਹੇਕ ਚੁੱਕੀ, "ਗੱਜਣ ਦੀ ਦਾਹੜੀ ਉਤੇ ਬੜਾ ਭਾਗ ਜੀ-ਬਾਰੂ ਸਿਉਂ ਨੂੰ ਦੇਤਾ ਚਿੱਟਾ ਈ ਜਵਾਬ ਜੀ---!"
ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।
-"ਖੜ੍ਹ ਤੇਰੀ ਮਾਂ ਦੀ---!" ਬਾਰੂ ਝਈ ਲੈ ਕੇ ਪਿਆ ਤਾਂ ਬਹਿਵਤੀ ਤਿੱਤਰ ਹੋ ਗਿਆ।
-"ਉਏ ਇਹਨੇ ਕਲਫ਼ ਲਾਉਣੀ ਕਦੋਂ ਕੁ ਤੋਂ ਛੱਡਤੀ?" ਦੁੱਲੇ ਨੂੰ ਆਉਂਦਾ ਦੇਖ ਕੇ ਧਰੜ ਬੋਲਿਆ।
-"ਜਦੋਂ ਤੋਂ ਇਹਨਾਂ ਦੇ ਫ਼ੌਜੀ ਨੇ ਛੱਡਤੀ।"
-"ਕੀ ਮਤਬਲ?"
-"ਗੁਰੂ ਭਲਾ ਕਰੇ! ਜਦੋਂ ਫ਼ੌਜੀ ਨੇ ਕਲਫ਼ ਘੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਵੜਨਾ-ਫ਼ੌਜੀ ਨੇ ਤਾਂ ਬੁਰਸ਼-ਬਰਸ਼ ਨਾਲ ਲਾਉਣੀ ਤੇ ਇਹਨੇ ਪਤੰਦਰ ਨੇ ਪਰਾਂਤ 'ਚ ਹੱਥ ਫੇਰਨ ਮਾਂਗੂੰ ਫ਼ੌਜੀ ਦੀ ਕਲਫ਼ ਆਲੀ ਪਲੇਟ 'ਚ ਹੱਥ ਜਿਆ ਫੇਰ ਕੇ ਦਾਹੜੀ 'ਤੇ ਊਂਈਂ ਮਲ ਲੈਣੀ-ਜਿਮੇਂ ਦੇਗ ਖਾ ਕੇ ਘਿਉ ਮਲੀਦੈ-ਤੇ ਅਖੀਰ ਅੱਕਿਆ ਵਿਆ ਫ਼ੌਜੀ ਕਲਫ਼ ਲਾਉਣੋਂ ਈ ਹੱਟ ਗਿਆ-ਤੇ ਇਹੇ ਆਪੇ ਈ ਹੱਟਣਾ ਸੀ।"
-"ਲਓ ਜੀ! ਆਉਂਦੇ ਐ ਦਿਹਾਤੀ ਪ੍ਰੋਗਰਾਮ ਦੇ ਠੰਢੂ ਰਾਮ ਹੋਰੀਂ-ਮਿਲੋ ਇਹਨਾਂ ਨੂੰ!" ਹਰੀ ਅਤੇ ਟਪੂ ਪੰਡਤ ਨੂੰ ਆਉਂਦਿਆਂ ਦੇਖ ਕੇ ਸਾਧੂ ਲੰਮਾਂ ਬੋਲਿਆ।
-"ਇਹ ਦੇਣਗੇ ਹੁਣ ਖ਼ਬਰਾਂ ਲਾਹੌਰ ਟੇਸ਼ਣ ਦੀਆਂ।"
-"ਇਹਦੀ ਨਵੀਂ ਗੱਲ ਸੁਣੀ ਐਂ?
-"ਨਹੀਂ!"
-"ਇਹ ਮੱਝ ਨਵੇਂ ਦੁੱਧ ਕਰਵਾਉਣ ਚਲਿਆ ਗਿਆ-ਹੱਥ ਜੋੜ ਕੇ ਝੋਟੇ ਮੂਹਰੇ ਖੜ੍ਹ ਗਿਆ-ਅਖੇ ਝੋਟਾ ਜੀ ਥੋਡਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ-ਕਿਰਪਾ ਕਰੋ-ਮਿੰਟ ਲਾਓ!"
ਹੱਸਦੀ ਮੁਡੀਹਰ ਲਿਟਣ ਲੱਗ ਪਈ।
-"ਕਾਹਨੂੰ ਭਕਾਈ ਮਾਰਦੇ ਐਂ ਬਾਧੂ ਦੀ ਉਏ ਕੁੱਤਿਓ?" ਘੋਗੜ ਨੇ ਦਬਕਿਆ।
-"ਰਾਮ ਰਾਮ ਜੀ!"
-"ਰੱਮ ਰੱਮ ਪੰਡਜੀ!"
-"ਪੰਡਜੀ-ਕੋਈ ਨਮੀਂ ਤਾਜੀ?"
ਟਪੂ ਪੰਡਤ ਹਕੀਮ ਸੀ। ਜਿਸ ਕਰ ਕੇ ਪਿੰਡ ਦੀ ਹਰ ਖ਼ਬਰ ਉਸ ਕੋਲ ਪਹਿਲਾਂ ਪਹੁੰਚਦੀ ਸੀ।
-"ਬੱਕਰੀਆਂ ਆਲੇ ਗੇਲੇ ਦੀ ਬਹੂ ਕੋਲੇ ਕਾਕੈ!"
-"ਦੁਰ ਫਿੱਟੇ ਮੂੰਹ ਭੈਣ ਦਾ ਛੁਣਛਣਾ ਦੇਣੇ!" ਅਮਲੀ ਇਉਂ ਟੱਪਿਆ ਜਿਵੇਂ ਉਸ ਦੇ ਪੈਰ ਹੇਠ ਸੱਪ ਆ ਗਿਆ ਸੀ।
-"ਕਿਉਂ ਅਮਲੀਆ? ਤੈਨੂੰ ਬੜਾ ਦੁੱਖ ਲੱਗਿਆ?"
-"ਕੁੜੀ ਸਾਲੇ ਦੀ ਬਿਆਹੁਣ ਆਲੀ ਹੋਈ ਪਈ ਐ-ਆਹ ਕੀ ਕੀਤਾ ਸਾਲੇ ਢੇਡ ਨੇ?"
-"ਇਹ ਤਾਂ ਰੱਬ ਦੀ ਦੇਣ ਐਂ-ਕਿਤੇ ਸਿੱਟੇ ਜਾਂਦੇ ਐ?"
-"ਹੱਟ ਕੁੱਤੀਏ ਸਾਲੇ ਆਪ ਨ੍ਹੀ ਕਹਿਣ ਦਿੰਦੇ-ਨਾਂ ਬੱਦੂ ਰੱਬ ਦਾ!"
-"ਹੋਰ ਪੰਡਜੀ?"
-"ਹੋਰ ਕੀ ਐ ਭਾਈ? ਕਲਜੁਗ ਆ ਗਿਆ! ਕਾਕੂ ਟੁੰਡੇ ਦੀ ਕੁੜੀ ਐ ਨਾ ਕੋਕੇ ਆਲੀ?"
-"ਆਹੋ-!"
-"ਉਹਨੂੰ ਸਾਧ ਲੈ ਗਿਆ।"
-"ਬਾਖਰੂ! ਕਿਮੇਂ?"
-"ਰਾਮ ਬਖਸ਼ੀ ਰੱਖੇ-ਕਈ ਮਹੀਨਿਆਂ ਤੋਂ ਇਹਨਾਂ ਦੇ ਘਰੇ ਆਉਂਦਾ ਸੀ-ਅਖੇ ਥੋਡੇ ਘਰੇ ਕਿਸੇ ਨੇ ਤਬੀਤ ਨੱਪੇ ਵੇ ਐ-ਅੱਜ ਭਾਈ ਉਹਨੂੰ ਟੈਗਸੀ 'ਚ ਲੈ ਕੇ ਆਏ-ਨਾਲ ਉਹਦੇ ਇਕ ਸਾਧਣੀ-ਸਾਧ ਨੇ ਤਾਂ ਕੁਛ ਕਿਹਾ ਨਾ ਤੇ ਸਾਧਣੀ ਕਹਿੰਦੀ ਅਖੇ ਆਹ ਕੁੜੀ ਨੂੰ ਤਾਂ ਅਸੀਂ ਦੋ-ਚਹੁੰ ਦਿਨਾਂ ਆਸਤੇ ਲੈ ਕੇ ਜਾਣੈਂ-ਸਾਡੀ ਸੇਵਾ ਕਰੂ ਤੇ ਸ਼ਾਂਤੀ ਪਾਊ!"
-"ਤੇ ਫੇਰ ਤੋਰਤੀ ਇਹਨਾਂ ਨੇ?"
-"ਲੈ ਉਹ ਤਾਂ ਸਾਰਾ ਟੱਬਰ ਹੱਥ ਜੋੜੀ ਖੜ੍ਹਾ-ਅਖੇ ਲੈਜੋ ਮਾਤਾ ਜੀ।"
-"ਕੁੜੀ ਤਾਂ ਨੀ ਕਿਸੇ ਪਾਸੇ ਜੋਗੀ ਰਹਿੰਦੀ ਹੁਣ।"
-"ਆਹੋ! ਕੀ ਪਤੈ ਬਈ ਇਹ ਸਾਲੇ ਕੀ ਸੁਆਹ ਖੇਹ ਖਾਂਦੇ ਐ?" ਅਮਲੀ ਕਾਫ਼ੀ ਚਿਰ ਬਾਅਦ ਬੋਲਿਆ ਸੀ।
-"ਹੁਣ ਤਾਂ ਕੋਕੇ ਜੜ ਕੇ ਈ ਮੋੜਨਗੇ।"
-"ਆਪਣੀ ਦੁਨੀਆਂ ਦੇ ਵੀ ਗੋਲੀ ਮਾਰੇ!"
-"ਮਹਾਤੜ ਪਾਣੀ ਪੀਣ ਜਾ ਵੜੇ-ਸਾਲੇ ਭੈੜ੍ਹੇ ਜੇ ਆਨੇ ਕੱਢਣਗੇ-ਤੇ ਆਹ ਦੇਖਲਾ--! ਹੈਅ ਥੋਡੀ ਬੇੜੀ ਬਹਿਜੇ! ਗੜੌਂਧੇ ਅਰਗੀ ਕੁੜੀ ਸਾਹਣ ਨਾਲ ਤੋਰਤੀ।"
-"ਪੰਡਜੀ-ਕੜਬਚੱਬਾਂ ਦਾ ਕੀ ਬਣਿਆ?"
-"ਬਣਨਾ ਬਣਾਉਣਾ ਕੀ ਸੀ? ਠਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੇ ਲਾਹਤੇ।"
-"ਦੇਖ ਲੈ ਸਾਲੇ ਦੇ ਪਿਉ-ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਐ-ਹੁਣ ਇਹਨੂੰ ਪੋਪਲ ਜੇ ਨੂੰ ਮਾੜਾ ਜਿਆ ਪੜ੍ਹਿਆ ਲਿਖਿਆ ਕਰਕੇ ਰਿਸ਼ਤਾ ਹੋਇਆ ਸੀ-ਉਹ ਵੀ ਬਿਚਾਰੀ ਦਾਜ ਕਰ ਕੇ ਸਾੜਤੀ।"
-"ਕੁੜੀ ਦੇ ਮਾਪਿਆਂ ਨੇ ਕੁਛ ਨ੍ਹੀਂ ਕੀਤਾ?"
-"ਹੈ ਕਮਲਾ! ਪੁਲਸ ਪੈਸੇ ਆਲਿਆਂ ਦੀ ਮਿੱਤ ਐ-ਉਹ ਬਿਚਾਰੇ ਗਰੀਬ ਐ-ਐਮ ਐਲੇ ਕੋਲੇ ਵੀ ਬਥੇਰੇ ਗੇੜੇ ਕੱਢੇ ਐ-ਉਹ ਨਾਲ ਈ ਨ੍ਹੀ ਤੁਰਿਆ-ਕਹਿੰਦਾ ਅਖੇ ਥੋਡਾ ਘਰ ਦਾ ਮਸਲਾ ਐ ਆਪ ਨਬੇੜੋ-ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲੀ ਪੋਸੀ ਵੀ ਮਾਰਤੀ-ਫੇਰ ਘਰ ਦਾ ਮਸਲਾ ਕਾਹਦਾ ਰਹਿ ਗਿਆ? ਅਗਲੇ ਲਹੂ ਦੀ ਘੁੱਟ ਭਰ ਕੇ ਬਹਿ ਗਏ-ਕੁੜੀ ਦੀ ਮਾਂ ਨੂੰ ਤਾਂ ਦੱਸਦੇ ਐ ਬਈ ਓਦਣ ਦੇ ਦੰਦਲਾਂ ਦੌਰੇ ਪੈਣੋ ਨ੍ਹੀ ਹੱਟਦੇ।"
-"ਕੀ ਦੋਸ਼ ਐ ਬਈ? ਅਗਲੇ ਦੀ ਇੱਕੋ ਇੱਕ ਜੁਆਨ ਧੀ ਸੀ।"
-"ਅਸਲ 'ਚ ਰੌਲਾ ਕੀ ਸੀ?"
-"ਰੌਲਾ ਕੀ ਸੀ? ਇਹ ਮਾਊਂ ਜਿਆ ਆਬਦੀ ਮਾਂ ਦੀ ਚੁੱਕ 'ਤੇ ਕੁੜੀ ਨੂੰ ਕਹਿੰਦਾ ਅਖੇ ਜਿਹੜੀ ਤੇਰੇ ਪਿਉ ਕੋਲੇ ਦੋ-ਤਿੰਨ ਕਿੱਲੇ ਜਮੀਨ ਐਂ-ਉਹ ਮੇਰੇ ਨਾਂ ਲੁਆਵੇ-ਦੱਸੋ ਬਈ ਜਿਉਂਦੇ ਜੀਅ ਅਗਲਾ ਕਦੋਂ ਹੱਥ ਵਢਾਉਂਦੈ?"
-"ਹੈ ਸਾਲਾ ਪੋਰ?"
-"ਹੁਣ ਆਪ ਤਾਂ ਕੁੜੀ ਦਾ ਪਿਉ ਮਰਿਆਂ ਅਰਗਾ ਈ ਐ-ਇਹਦੇ ਗੋਲੀ ਮਾਰੇ ਚੂਕਣੇ 'ਚ ਸਾਲੇ ਦੇ!"
-"ਉਏ ਗੋਲੀ ਮਾਰਨ ਜੋਕਰਾ ਉਹ ਕਾਹਨੂੰ ਐਂ ਬਿਚਾਰਾ? ਉਹ ਤਾਂ ਪੈਰੀਂ ਪੱਗਾਂ ਧਰੀ ਗਿਆ ਤੇ ਇਹ ਲਾਚੜਗੇ!"
-"ਉਏ ਐਹੋ ਜੇ ਪੈਰੀਂ ਪੱਗਾਂ ਆਲੇ ਕਾਹਨੂੰ ਐਂ? ਐਹੋ ਜਿਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਗਰਚ ਦੇਣੇ ਲਾਹ ਕੇ ਪਰ੍ਹਾਂ ਮਾਰੇ-ਫੇਰ ਲੋਟ ਆਉਂਦੇ ਐ।"
-"ਉਏ ਚਾਚਾ! ਕੱਲ੍ਹ ਨੂੰ ਘੰਟਾ ਖੰਡ ਇੰਜਣ ਦੇਮੇਂਗਾ?" ਫੰਗਣ ਬੁੱਲ੍ਹੜ ਨੇ ਆ ਕੇ ਨਹਿੰਗ ਨੂੰ ਪੁੱਛਿਆ।
-"ਕੀ ਕਰਨੈਂ?" ਨਹਿੰਗ ਦੀ ਥਾਂ ਪ੍ਰੀਤਮ ਫੱਲ੍ਹੀ ਬੋਲਿਆ।
-"ਨਰਮਾਂ ਸਿੰਜਣੈ।"
-"ਗੱਲ ਸੁਣ ਉਏ? ਡੂੜ੍ਹ ਥੋਡੇ ਕੋਲੇ ਕਿੱਲੈ-ਪੰਦਰਾਂ ਤੁਸੀਂ ਘਰ ਦੀ ਸਤੌਲ ਐਂ-ਤੁਸੀਂ ਤਾਂ ਛੱਪੜ 'ਚੋਂ ਬਾਲਟੀ-ਬਾਲਟੀ ਪਾਣੀ ਦੀ ਪਾਵੋਂ ਤਾਂ ਨਰਮਾਂ ਤਰ ਹੋਜੂ-ਇੰਜਣ ਕੀ ਕਰਨੈਂ ਕੁੱਤੀਏ ਜਾਤੇ?"
-"ਲੈਜੀਂ-ਲੈਜੀਂ!" ਚਲਾਕੂ ਕਾਮਰੇਡ ਨੇ ਨਹਿੰਗ ਵੱਲੋਂ ਹਾਮੀਂ ਭਰੀ।
-"ਲੈ ਬਈ ਨਹਿੰਗਾ-ਇਕ ਗੱਲ ਦੱਸ?" ਕਾਮਰੇਡ ਨੇ ਉਸ ਵੱਲ ਮੂੰਹ ਕੀਤਾ।
-"ਬਈ ਤੁਸੀਂ ਸੋਟੇ ਨੂੰ ਮੁਲਾਹਜੇ-ਤੋੜ ਕਿਉਂ ਆਖਦੇ ਐਂ?"
-"ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੀ ਕੁਤਕ।" ਨਹਿੰਗ ਨੇ ਕਹਿਣਾ ਸ਼ੁਰੂ ਕੀਤਾ।
-"ਹਲਾ!"
-"ਤੇ ਅਸੀਂ ਇਹਨੂੰ ਮੁਲਾਹਜੇ ਤੋੜ ਤਾਂ ਕਹਿੰਨੇ ਐਂ ਬਈ ਜੀਹਦੇ ਟੋਟਣ 'ਚ ਇਕ ਠੁਕ ਗਿਆ-ਉਹਦੇ ਨਾਲ ਮੁਲਾਹਜਾ ਰਹਿੰਦਾ ਈ ਨ੍ਹੀ-ਅਗਲਾ ਪਾਰ ਬੋਲ ਜਾਂਦੈ-ਛੇਵੇਂ ਪਾਤਸ਼ਾਹ ਨੇ ਭਾਈ ਭੱਲਣ ਤੋਂ ਮੁਲਾਹਜੇ ਤੋੜ ਨਾਲ ਸ਼ੇਰ ਦਾ ਸਿ਼ਕਾਰ ਕਰਵਾਇਆ ਸੀ-।"
-"ਵਾਹ ਜੀ ਵਾਹ!"
-"ਪੰਡਜੀ-ਰੱਤੂ ਦਾ ਕੀ ਹਾਲ ਐ ਸੱਚ?" ਆਤਮੇਂ ਫ਼ੱਕਰ ਨੇ ਅਚਾਨਕ ਪੁੱਛਿਆ।
-"ਬੁਰਾ ਈ ਹਾਲ ਐ-ਦਿਲ ਦਾ ਰੋਗ ਐ-ਚੱਲੀ ਜਾਵੇ, ਚੱਲੀ ਜਾਵੇ-ਜਿੱਦੇਂ ਖੜ੍ਹ ਗਿਆ ਬੱਸ---!"
-"ਮਾੜੀ 'ਲਾਦ ਵੀ ਨਾ ਜੰਮੇ ਕਿਸੇ ਦੇ-ਕੱਲ੍ਹ ਦੀਆਂ ਗੱਲੈਂ-ਜਦੋਂ ਮੁਧਕਰ ਚੱਕਦਾ ਹੁੰਦਾ ਸੀ-ਕਿਸੇ ਨੂੰ ਨੇੜੇ ਨ੍ਹੀ ਸੀ ਲੱਗਣ ਦਿੰਦਾ-'ਲਾਦ ਮਾੜੀ ਲਿੱਕਲਗੀ-ਮੁੰਡਾ ਸਿਰੇ ਦਾ ਬੈਲੀ ਤੇ ਕੁੜੀ---? ਸਹੁਰੀ ਨੂੰ ਹਾਥ ਈ ਕੋਈ ਨ੍ਹੀ-ਕੋਈ ਚੂਹੜਾ ਚੱਪੜਾ ਨ੍ਹੀ ਛੱਡਿਆ ਲੇਖੇ ਨਾਲ-ਬੱਸ ਜਿੱਦਣ ਦੀ ਕੁੜੀ ਨੇ ਬੇਇਜ਼ਤੀ ਕੀਤੀ ਐ-ਓਦਣ ਦਾ ਮੰਜੇ ਤੋਂ ਈ ਨ੍ਹੀ ਉਠਿਆ ਸਹੁਰਾ।"
-"ਉਹਨੇ ਸਹੁਰੀ ਨੇ ਬੇਇਜ਼ਤੀ ਕਾਹਤੋਂ ਕੀਤੀ?"
-"ਕੀ ਦੱਸਾਂ ਸਹੁਰੀ ਦੇ ਕਾਰੇ? ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਈ ਘਰੇ ਆਉਣ ਲੱਗਪੇ ਸੀ-ਇਹਨੇ ਕਿਤੇ ਰੋਕਿਆ ਰੂਕਿਆ ਹੋਊ, ਰੱਬ ਜਾਣੇ-ਬੱਸ! ਪਤਾ ਨ੍ਹੀ ਸਹੁਰੀ ਦੇ ਡਮਾਕ ਨੂੰ ਕੀ ਫਤੂਰ ਚੜ੍ਹਿਆ? ਮੁੰਡਿਆਂ ਦੇ ਸਾਹਮਣੇ ਈ ਸ਼ੁਰੂ ਹੋਗੀ-ਅਖੇ ਮੇਰੀ ਬੇਬੇ ਤਾਂ ਤੈਥੋਂ ਚੌਰਿਆ ਸਾਂਭੀ ਨਾ ਗਈ-ਮੈਨੂੰ ਕੀ ਸਾਂਭੇਂਗਾ? ਤੇ ਚੱਲ ਮੇਰੇ ਭਾਈ! ਉਹ ਦਿਨ ਗਿਆ ਤੇ ਆਹ ਆ ਗਿਆ-ਬਿਚਾਰਾ ਮੰਜੇ 'ਤੇ ਪਿਆ ਈ ਚੂਕੀ ਜਾਂਦੈ-ਕੋਈ ਪਾਣੀ ਧਾਣੀ ਵੀ ਨ੍ਹੀ ਪੁੱਛਦਾ-ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਮਾਵਾਂ ਧੀਆਂ ਨਾਅਮੇਂ 'ਚ ਖੇਡਦੀਐਂ-ਮੇਲਾ ਈ ਲੱਗਿਆ ਰਹਿੰਦੈ ਘਰੇ ਸੁੱਖ ਨਾਲ।"
-"ਹੈਅ ਥੋਡੀ ਗੰਦੇ ਟੱਬਰ ਦੀ!"
-"ਕੀ ਕਰਨੈਂ ਐਹੋ ਜਿਆ ਪੈਸਾ-ਅੱਗ ਲਾਉਣੈਂ?"
-"ਕਨੇਡੇ ਆਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ-ਕਿਸੇ ਦਾ ਬਿਆਹ-ਬੂਹ ਐ?"
-"ਕਾਹਨੂੰ ਬਿਆਹ ਐ! ਉਹ ਤਾਂ ਬੁੜ੍ਹੇ-ਬੁੜ੍ਹੀ ਦੀ ਪੰਜਾਹਵੀਂ ਸ਼ਾਦੀ ਗਿਰਾਹ ਮਨਾਉਣ ਦੀ ਤਿਆਰੀ ਕਰਦੇ ਐ।"
-"ਕੀ ਕਰਦੇ ਐ?" ਗੱਲ ਅਮਲੀ ਦੇ ਸਿਰ ਦੇ ਉਪਰੋਂ ਲੰਘ ਗਈ।
-"ਉਏ ਅਮਲੀਆ! ਉਹਨਾਂ ਦੇ ਬੁੜ੍ਹੇ ਬੁੜ੍ਹੀ ਦੇ ਵਿਆਹ ਨੂੰ ਪੰਜਾਹ ਸਾਲ ਹੋਣ ਆਲੇ ਐ-ਉਹਨੂੰ ਮਨਾਉਣ ਦੀ ਤਿਆਰੀ ਕਰਦੇ ਐ।" ਕਿਸੇ ਨੇ ਜੋਰ ਦੇ ਕੇ ਕਿਹਾ।
-"ਫਿੱ੍ਹਟ ਭੈਣ ਦੇ ਮੁੰਡਿਆਂ ਈ ਯ੍ਹਾਵੇ! ਦੇਸੀ ਟੱਟੂ ਤੇ ਕੁਰਾਸ਼ਾਨੀ ਦੁਲੱਤੇ! ਕੀ ਲੱਛਣ ਕਰਦੇ ਐ ਸਾਲੇ-ਬਈ ਲਹੁਡੀ ਦੇਣਿਓਂ-ਕਬਰਾਂ 'ਚ ਥੋਡੀਆਂ ਲੱਤੈਂ-ਤੁਸੀਂ ਕਿਸੇ ਪੁੱਤ ਦਾ ਮਨਾਓ-ਕਿਸੇ ਪੋਤੇ ਦਾ ਮਨਾਓ-ਪੰਜਾਹਵਾਂ ਸਾਲ ਮਨਾਏ ਬਿਨਾ ਸਰਦਾ ਨ੍ਹੀ ਇਹਨਾਂ ਦਾ?"
-"ਅਮਲੀਆ-ਅੰਨ੍ਹੀ ਕਮਾਈ ਘਰੇ ਆਉਂਦੀ ਐ-ਕਿਤੇ ਖਪਤ ਵੀ ਕਰਨੀ ਐਂ।"
-"ਇਹ ਵੀ ਭਾਈ ਗੱਲ ਠੀਕ ਐ-ਹੱਥ ਖੁੱਲ੍ਹੈ-ਚੋਜ ਕਰਦੇ ਐ ਜੱਟ-ਕਹਿੰਦੇ ਹੁੰਦੇ ਐ-ਚਮਚਿਆਂ ਨਾਲ ਪੀਣ ਸ਼ਰਾਬਾਂ ਕਰਦੇ ਜੱਟ ਚੋਜ ਕੁੜ੍ਹੇ।"
-"ਮਾਇਆ ਹਜਮ ਕਰਨੀ ਕਿਹੜਾ ਸੌਖੀ ਐ?"
-"ਐਤਕੀਂ ਬੋਟਾਂ 'ਚ ਕੌਣ ਜਿੱਤੂ ਬਈ?"
-"ਬੋਟਾਂ 'ਚ ਜਿੱਤੂ ਅਮਲੀ!" ਕੋਈ ਹੱਸਿਆ।
-"ਨਹੀਂ ਹਾਸਾ ਨ੍ਹੀ-ਕੌਣ ਜਿੱਤੂ?"
-"ਬੋਟਾਂ 'ਚ ਜਿੱਤਣਗੇ 'ਕਾਲੀ!"
-"ਮੈਂ ਤਾਂ ਬੋਟ ਕਾਮਰੇਟ ਨੂੰ ਪਾਊਂ!"
-"ਨਾਗੋਕਿਆਂ ਆਲੇ ਨੂੰ?"
-"ਆਹੋ!"
-"ਬਹੁਤ ਵੱਡੀ ਗਲਤੀ ਐ।"
-"ਕਾਹਤੋਂ?"
-"ਦੇਖ ਲਈਂ-ਨਾਗੋਕਿਆਂ ਆਲਾ ਕਾਮਰੇਟ ਪੱਠੇ ਆਪਣਿਓਂ ਖਾਇਆ ਕਰੂ-ਤੇ ਲੇਡੇ ਜਾ ਕੇ ਨਾਗੋਕੀ ਕਰਿਆ ਕਰੂ।"
ਹਾਸੜ ਪੈ ਗਈ।
-"ਆਜੋ ਸਿੰਘੋ-ਗੱਫ਼ਾ ਲੈ ਲਓ!" ਗੁਰਦੁਆਰਿਓਂ ਭਾਈ ਜੀ ਨੇ ਹੋਕਰਾ ਮਾਰਿਆ।
-"ਚਲੋ ਬਈ।" ਅਮਲੀ ਖੁਸ਼ੀ 'ਚ ਕੁੜਤੇ ਦੀਆਂ ਬਾਹਵਾਂ ਚਾਹੜਨ ਲੱਗ ਪਿਆ।
-"ਅਮਲੀਆ! ਬਾਂਹਾਂ ਤਾਂ ਇਉਂ ਚੜ੍ਹਾਉਣ ਲੱਗ ਪਿਆ-ਜਿਵੇਂ ਮੱਝ ਸੁਆਉਣੀ ਹੁੰਦੀ ਐ?"
-"ਉਏ ਇਹ ਵੀ ਗੁਰਦੁਆਰੇ ਦੀ ਦੇਗ 'ਤੇ ਈ ਬਚਿਆ ਵਿਐ-ਹੋਰ ਕਿਹੜਾ ਨ੍ਹਾਮੋਂ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ?" ਪਿੱਛੋਂ ਨ੍ਹੇਰੀ ਨੇ ਵਿਅੰਗ ਕਸਿਆ।
-"ਕਰ ਲਓ! ਕਰ ਲਓ ਬਈ ਟਿੱਚਰਾਂ-ਥੋਡੀ ਉਮਰ ਐ।" ਅਮਲੀ ਬੋਲਿਆ।
ਤੇ ਫਿਰ ਸਾਰੇ ਗੁਰਦੁਆਰੇ ਨੂੰ ਵਾਹੋਦਾਹੀ ਹੋ ਤੁਰੇ।